ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਧਮਕੀ ਮਿਲੀ, ਮਾਮਲਾ ਦਰਜ
ਅੰਮ੍ਰਿਤਸਰ : ਸਾਬਕਾ ਵਿਧਾਇਕ ਬੋਨੀ ਤੋਂ ਬਾਅਦ ਹੁਣ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਵੀ ਧਮਕੀ ਭਰਿਆ ਫੋਨ ਆਇਆ ਹੈ। ਪੁਲਿਸ ਨੇ ਸੋਨੀ ਦੀ ਸ਼ਿਕਾਇਤ ਉਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਫਿਲਹਾਲ ਇਸ ਮਾਮਲੇ ਉਤੇ ਸੋਨੀ ਤੇ ਪੁਲਿਸ ਕੁਝ ਨਹੀਂ ਬੋਲ ਰਹੀ ਹੈ। ਸੋਨੀ ਦੇ ਕਰੀਬੀਆਂ ਮੁਤਾਬਕ ਲੰਬੇ ਸਮੇਂ ਤੋਂ ਫੋਨ ਕਰ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਸੋਨੀ ਨੂੰ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਗੁੰਡੇ ਆਪਣੇ ਆਪ ਨੂੰ ਬਿਸ਼ਨੋਈ ਗਿਰੋਹ ਦੇ ਗੁਰਗੇ ਦੱਸ ਰਹੇ ਹਨ। ਅੰਮ੍ਰਿਤਸਰ ਪੁਲਿਸ ਦੇ ਏਡੀਸੀਪੀ ਪੀਐਸ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਫਿਰੌਤੀ ਲਈ ਫੋਨ ਕਾਲ ਆਈ ਹੈ ਜਿਸ ਵਿਚ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਪੂਰੀ ਮੁਸਤੈਦੀ ਨਾਲ ਇਸ ਉਪਰ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਦੇਣੀ ਸਾਡੀ ਜ਼ਿੰਮੇਵਾਰੀ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਫਿਰੌਤੀ ਭਰੀ ਧਮਕੀ ਮਿਲੀ ਹੈ। ਫੋਨ ਕਰਨ ਵਾਲੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦੇ ਗੁਰਗੇ ਦੱਸ ਰਹੇ ਸਨ ਅਤੇ 20 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਹਨ। ਫਿਰੌਤੀ ਨਾ ਦੇਣ ਉਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।
ਓਪੀ ਸੋਨੀ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਥਾਣਾ ਛਾਉਣੀ ਵਿੱਚ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਵਿੱਚ ਗੈਂਗਸਟਰਾਂ ਵੱਲੋਂ ਧਮਕੀਆਂ ਦੇਣ ਦਾ ਸਿਲਸਿਲਾ ਕਾਫੀ ਵੱਧ ਰਿਹਾ ਹੈ। ਕਈ ਸਾਬਕਾ ਵਿਧਾਇਕ, ਫੌਜੀਆਂ ਤੇ ਹੋਰ ਸ਼ਖ਼ਸੀਅਤਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਗੈਂਗਸਟਰਾਂ ਉਤੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਤੋਂ ਬਾਅਦ ਕਈਆਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਪੰਜਾਬ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਪੰਜਾਬ ਲਿਆਈ ਹੈ ਅਤੇ ਸਿੱਧੂ ਮੂਸੇਵਾਲ ਕਤਲ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਸ ਤੋਂ ਬਾਅਦ ਹੋਰ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਨ੍ਹਾਂ ਕੋਲੋਂ ਵੀ ਪੁਛਗਿੱਛ ਹੋ ਰਹੀ ਹੈ।
ਇਹ ਵੀ ਪੜ੍ਹੋ : ਫ਼ਸਲਾਂ ਲਈ ਲਾਹੇਵੰਦ ਸਾਬਿਤ ਹੋਇਆ ਮੀਂਹ, ਝੋਨੇ ਦੀ ਲੁਆਈ 'ਚ ਆਈ ਤੇਜ਼ੀ