ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਭਾਣਜਾ ਹਨੀ ਦੋਸ਼ੀ ਕਰਾਰ, 1 ਨਵੰਬਰ ਤੋਂ ਹੋਵੇਗੀ ਸੁਣਵਾਈ
ਜਲੰਧਰ : ਜਲੰਧਰ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀ ਕੁਦਰਤਦੀਪ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਦੋਸ਼ ਆਇਦ ਕੀਤੇ ਹਨ। ਕੇਸ ਦੀ ਸੁਣਵਾਈ 1 ਨਵੰਬਰ ਤੋਂ ਸ਼ੁਰੂ ਹੋਵੇਗੀ ਅਤੇ ਪਹਿਲੇ ਕੇਸ ਵਿੱਚ ਗਵਾਹੀਆਂ ਹੋਣਗੀਆਂ। ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 3 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਈਡੀ ਨੇ ਸਪੈਸ਼ਲ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਐਕਟ ਤਹਿਤ ਜੱਜ ਰੁਪਿੰਦਰਜੀਤ ਚਾਹਲ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਚਾਰਜਸ਼ੀਟ ਅਨੁਸਾਰ ਭੁਪਿੰਦਰ ਸਿੰਘ ਹਨੀ, ਕੁਦਰਤਦੀਪ ਸਿੰਘ ਅਤੇ ਸੰਦੀਪ ਕੁਮਾਰ ਪ੍ਰੋਵਾਈਡਰ ਓਵਰਸੀਜ਼ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਨ। ਇਹ ਕੰਪਨੀ 2018 ਵਿੱਚ ਬਣਾਈ ਗਈ ਸੀ। ਇਸੇ ਸਾਲ ਥਾਣਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਨੇ ਕੁਦਰਤਦੀਪ ਸਿੰਘ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਗੌਰਤਲਬ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ 2018 'ਚ ਦਰਜ ਹੋਏ ਇਕ ਕੇਸ 'ਚ ਈਡੀ ਨੇ ਭੁਪਿੰਦਰ ਸਿੰਘ ਹਨੀ ਖਿਲਾਫ਼ ਪਿਛਲੇ ਸਾਲ 30 ਨਵੰਬਰ ਨੂੰ ਕੇਸ ਦਰਜ ਕੀਤਾ ਸੀ। ਮਾਮਲੇ ਦੀ ਦੋ ਮਹੀਨਿਆਂ ਤੋਂ ਵੱਧ ਜਾਂਚ ਤੋਂ ਬਾਅਦ ਜਦੋਂ ਈਡੀ ਨੇ ਛਾਪੇਮਾਰੀ ਕੀਤੀ ਤਾਂ 10 ਕਰੋੜ ਰੁਪਏ ਸਮੇਤ ਕਈ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ। ਇਸ ਤੋਂ ਬਾਅਦ ਈਡੀ ਨੇ 3 ਫਰਵਰੀ ਨੂੰ ਭੁਪਿੰਦਰ ਸਿੰਘ ਹਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਦੱਸ ਦੇਈ ਕਿ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡੀ ਰਾਹਤ ਦਿੰਦੇ ਹੋਏ ਨਿਯਮਤ ਜ਼ਮਾਨਤ ਦੇ ਦਿੱਤੀ ਸੀ।