ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਰੀਬੀ ਦਾ ਬੇਟਾ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਦਾ ਬੇਟੇ ਨੂੰ ਨਸ਼ੀਲੇ ਪਾਊਡਰ ਸਮੇਤ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਸ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਸਿਮਰਜੀਤ ਸਿੰਘ ਸਿਮਰਾ ਨੂੰ ਡਰੱਗ ਮਨੀ ਅਤੇ 28 ਗ੍ਰਾਮ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੋਰਿੰਡਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਸਿਮਰਜੀਤ ਸਿਮਰਾ ਪਿੰਡ ਕੁਲਾਰਾ ਵਾਸੀ ਬੰਤ ਸਿੰਘ ਦਾ ਬੇਟਾ ਹੈ ਅਤੇ ਬੰਤ ਸਿੰਘ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਬੇਹੱਦ ਕਰੀਬੀ ਹੈ। ਸਿਮਰਜੀਤ ਸਿੰਘ ਸਿਮਰਾ ਨੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਬੇਟੇ ਨਾਲ ਚੋਣ ਪ੍ਰਚਾਰ ਵੀ ਕੀਤਾ ਸੀ। ਸਿਮਰਜੀਤ ਸਿੰਘ ਨੇ ਚੋਣ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲਿਆ ਸੀ। ਪੁਲਿਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਕਾਂਗਰਸੀ ਆਗੂ ਇਕਬਾਲ ਸਿੰਘ ਸਾਲਾਪੁਰ ਨੂੰ ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸ੍ਰੀ ਚਮਕੌਰ ਸਾਹਿਬ ਦੇ ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਸੀ ਕਿ ਵਣ ਰੇਂਜ ਅਫ਼ਸਰ ਸ੍ਰੀ ਚਮਕੌਰ ਸਾਹਿਬ ਨੇ ਜ਼ਿਲ੍ਹਾ ਮੁਖੀ ਨੂੰ ਇੱਕ ਦਰਖ਼ਾਸਤ ਦਿੱਤੀ ਸੀ ਕਿ ਪਿੰਡ ਸਾਲਾਪੁਰ ਵਾਸੀ ਇਕਬਾਲ ਸਿੰਘ ਨੇ ਪਿੰਡ ਜਿੰਦਾਪੁਰ ਹ.ਬ ਨੰ:108 ਅਧੀਨ ਪੈਂਦੇ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਨਾਜਾਇਜ਼ ਮਾਈਨਿੰਗ ਕਰਕੇ ਟਿੱਪਰਾਂ ਰਾਹੀਂ ਰੇਤੇ ਦੀ ਨਿਕਾਸੀ ਦਾ ਨਾਜਾਇਜ਼ ਕੰਮ ਕਰ ਰਿਹਾ ਸੀ। ਜਦੋਂ ਸਬੰਧਤ ਸਟਾਫ਼ ਵੱਲੋਂ ਇਹ ਕਿਹਾ ਗਿਆ ਸੀ ਕਿ ਉਕਤ ਰਕਬਾ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਨੰ: 43/6/2002 ਐਫ਼.ਟੀ 3/49/14 ਮਿਤੀ 24 ਅਪ੍ਰੈਲ 2006 ਵਿੱਚ ਦਰਜ ਖਸਰਾ ਨੰ: 46/21 ਅਧੀਨ ਪੈਂਦਾ ਹੈ ਅਤੇ ਇਸ ਰਕਬੇ ਉਤੇ ਆਈਐਫਏ 1927 ਅਤੇ ਐਫ਼.ਸੀ.ਏ 1980 ਦੀਆਂ ਧਾਰਾਵਾਂ ਲਾਗੂ ਹੁੰਦੀਆਂ ਸਨ। ਇਸ ਤੋਂ ਇਲਾਵਾ ਇਸ ਰਕਬੇ ਉਤੇ ਪਨਕੇਪਾ ਸਕੀਮ ਅਧੀਨ ਸਾਲ 2021-22 ਦੀ ਪਲਾਂਟੇਸ਼ਨ ਵੀ ਕਰਵਾਈ ਜਾ ਰਹੀ ਹੈ। ਇਸ ਲਈ ਇਨ੍ਹਾਂ ਵਿਅਕਤੀਆਂ ਨੂੰ ਇਹ ਮਾਈਨਿੰੰਗ ਕਰਨ ਤੋਂ ਤੁਰੰਤ ਰੋਕਿਆ ਜਾਵੇ। ਨਿਸ਼ਾਨਦੇਹੀ ਕਰਵਾਉਣ ਉਪਰੰਤ ਹੀ ਬੁਰਜੀਆਂ ਲਾ ਕੇ ਮਾਲਕੀ ਰਕਬੇ ਵਿਚੋਂ ਮਾਈਨਿੰਗ ਸਬੰਧੀ ਕਾਰਵਾਈ ਜਾਵੇ। ਜਦੋਂ ਤਕ ਨਿਸ਼ਾਨਦੇਹੀ ਨਹੀਂ ਹੁੰਦੀ ਉਦੋਂ ਤਕ ਮਾਈਨਿੰਗ ਬੰਦ ਕਰਵਾਈ ਜਾਵੇ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾ ਵੱਲੋਂ ਵਣ ਰੇਂਜ ਅਫ਼ਸਰ ਅਤੇ ਵਣਮੰਡਲ ਅਫ਼ਸਰ ਰੂਪਨਗਰ ਦੇ ਦਫ਼ਤਰ ਦੇ ਪੱਤਰ ਨੰ: 10199 ਮਿਤੀ 21,1,2022 ਤੇ ਪੜਤਾਲ ਉਪਰੰਤ ਉਕਤ ਇਕਬਾਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸਾਲਾਪੁਰ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 379 ਆਈਪੀਸੀ 21 (1) 4(1) ਮਾਈਨਿੰਗ ਐਕਟ 1957 ਧਾਰਾ 32,33 ਵਣ ਐਕਟ 1927 ਦੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਤੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। -PTC News ਇਹ ਵੀ ਪੜ੍ਹੋ : ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਸੁੱਟੀ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ