ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਕਰੀਬੀ ਨਾਜਾਇਜ਼ ਮਾਈਨਿੰਗ ਮਾਮਲੇ 'ਚ ਗ੍ਰਿਫ਼ਤਾਰ
ਰੂਪਨਗਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਸਾਥੀ ਇਕਬਾਲ ਸਿੰਘ ਸਾਲਾਪੁਰ ਨੂੰ ਰੋਪੜ ਪੁਲਿਸ ਨੇ ਮਾਈਨਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਰੋਪੜ ਪੁਲਿਸ ਵੱਲੋਂ ਮਾਈਨਿੰਗ ਦੇ ਮਾਮਲੇ ਸਬੰਧੀ ਚਰਚਿਤ ਪਿੰਡ ਜ਼ਿੰਦਾਪੁਰ ਵਿਚ ਹੋਈ ਨਾਜਾਇਜ਼ ਮਾਈਨਿੰਗ ਨੂੰ ਲੈ ਕੇ 22 ਜਨਵਰੀ 2022 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਤੇ ਇਸੇ ਮਾਮਲੇ ਵਿੱਚ ਪੁਲਿਸ ਨੇ ਹੁਣ ਇਕਬਾਲ ਸਿੰਘ ਸਾਲਾਪੁਰਾ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਹੈ ਤੇ ਅਦਾਲਤ ਨੇ ਹੁਣ ਇਕਬਾਲ ਸਿੰਘ ਸਾਲਾਪੁਰ ਨੂੰ ਨਿਆਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਕਾਬਿਲੇਗੌਰ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਮਾਮਲਾ ਕਾਫ਼ੀ ਚਰਚਾ ਵਿੱਚ ਰਿਹਾ ਸੀ ਤੇ ਪਹਿਲਾ ਰਾਘਵ ਚੱਢਾ ਵੱਲੋਂ ਪਿੰਡ ਜ਼ਿੰਦਾਪੁਰ ਵਿੱਚ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਇਕਬਾਲ ਸਿੰਘ ਸਾਲਾਪੁਰ ਦੇ ਨਾਜਾਇਜ਼ ਮਾਈਨਿੰਗ ਵਿੱਚ ਲਿਪਤ ਹੋਣ ਦਾ ਸ਼ਟਿੰਗ ਆਪਰੇਸ਼ਨ ਵੀ ਨਸ਼ਰ ਕੀਤਾ ਸੀ ਜਦਕਿ ਵਿਜੀਲੈਂਸ ਵਿਭਾਗ ਵੱਲੋਂ ਤਾਜ਼ਾ ਦਰਜ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮਾਮਲੇ ਵਿੱਚ ਵੀ ਇਸੇ ਖੱਡ ਵਿਚੋਂ ਨਾਜਾਇਜ਼ ਮਾਈਨਿੰਗ ਹੋਣ ਦਾ ਪਰਦਾਫਾਸ਼ ਕੀਤਾ ਗਿਆ ਹੈ। ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਕਬਾਲ ਸਿੰਘ ਸਾਲਾਪੁਰ ਦੀਆਂ ਮੁਸੀਬਤਾਂ ਕਾਫੀ ਵੱਧਦੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਕਾਫੀ ਵਿਵਾਦਾਂ ਵਿੱਚ ਰਹੀ ਸੀ। ਕੈਪਟਨ ਅਮਰਿੰਦਰ ਸਿੰਘ ਵੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਉਤੇ ਲੈਂਦੇ ਰਹੇ ਸਨ। ਵਿਰੋਧੀ ਧਿਰਾਂ ਵੀ ਕਾਂਗਰਸ ਦੀ ਸਰਕਾਰ ਨੂੰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਨਿਸ਼ਾਨੇ ਉਤੇ ਲੈਂਦੀਆਂ ਰਹੀਆਂ ਸਨ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਅਵਾ ਹੈ ਕਿ ਨਾਜਾਇਜ਼ ਮਾਈਨਿੰਗ, ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਵਿਰੁੱਧ ਵਿੱਢੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ : ਸ਼ਾਰਪਸ਼ੂਟਰ ਹਰਕਮਲ ਰਾਣੂ ਬਠਿੰਡਾ ਤੋਂ ਗ੍ਰਿਫਤਾਰ