ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਸੜਕ ਹਾਦਸੇ 'ਚ ਮੌਤ
ਮੁੰਬਈ : ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਅੱਜ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਵਾਪਰਿਆ। ਮਿਸਤਰੀ ਗੁਜਰਾਤ ਦੇ ਉਦਵਾੜਾ ਵਿੱਚ ਬਣੇ ਪਾਰਸੀ ਮੰਦਰ ਤੋਂ ਵਾਪਸ ਆ ਰਹੇ ਸਨ। ਪੁਲਿਸ ਮੁਤਾਬਕ ਪਾਲਘਰ ਵਿਚ ਕਾਸਾ ਨੇੜੇ ਚਰੋਤੀ ਪਿੰਡ 'ਚ ਸੂਰਿਆ ਨਦੀ ਦੇ ਪੁਲ ਉਤੇ 54 ਸਾਲਾ ਮਿਸਤਰੀ ਦੀ ਮਰਸੀਡੀਜ਼ ਜੀਐਲਸੀ 220 ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਮਗਰੋਂ ਮਰਸੀਡੀਜ਼ ਦੇ ਏਅਰਬੈਗ ਵੀ ਖੁੱਲ੍ਹ ਗਏ ਪਰ ਮਿਸਤਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਕਾਰ ਵਿੱਚ ਚਾਰ ਜਣੇ ਸਵਾਰ ਸਨ। ਮੁੱਢਲੀ ਜਾਣਕਾਰੀ ਅਨੁਸਾਰ ਡਰਾਈਵਰ ਤੋਂ ਕਾਰ ਬੇਕਾਬੂ ਹੋ ਗਈ। ਇਸ ਤੋਂ ਬਾਅਦ ਕਾਰ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਪੁਲਿਸ ਨੇ ਮਰਸਡੀਜ਼ ਕਾਰ ਵਿੱਚ ਸਵਾਰ ਲੋਕਾਂ ਦੇ ਵੇਰਵੇ ਜਾਰੀ ਕਰ ਦਿੱਤੇ ਹਨ। ਸਾਇਰਸ ਮਿਸਤਰੀ ਦੇ ਨਾਲ-ਨਾਲ ਜਹਾਂਗੀਰ ਦਿਨਸ਼ਾ ਪਾਂਡੋਲੇ ਦੀ ਵੀ ਇਸ ਹਾਦਸੇ ਵਿੱਚ ਜਾਨ ਚਲੀ ਗਈ ਹੈ। ਇਸ ਦੇ ਨਾਲ ਹੀ ਅਨਾਇਤਾ ਪੰਡੋਲੇ (ਮਹਿਲਾ) ਅਤੇ ਉਸ ਦਾ ਪਤੀ ਦਰਿਆਸ ਪੰਡੋਲੇ ਜ਼ਖਮੀ ਹੋ ਗਏ। ਅਨਾਇਤਾ ਮੁੰਬਈ ਵਿੱਚ ਡਾਕਟਰ ਹੈ ਅਤੇ ਉਹ ਹੀ ਕਾਰ ਚਲਾ ਰਹੀ ਸੀ। ਉਸ ਦਾ ਪਤੀ ਡੇਰਿਅਸ ਪੰਡੋਲ ਜੇਐਮ ਫਾਈਨਾਂਸ਼ੀਅਲ ਦਾ ਸੀਈਓ ਹੈ। ਪਾਲਘਰ ਦੇ ਐੱਸਪੀ ਬਾਲਾਸਾਹਿਬ ਪਾਟਿਲ ਨੇ ਦੱਸਿਆ ਕਿ ਜਿਸ ਕਾਰ 'ਚ ਮਿਸਤਰੀ ਸਫਰ ਕਰ ਰਹੇ ਸਨ, ਉਸ ਦਾ ਨੰਬਰ MH-47-AB-6705 ਹੈ। ਇਹ ਹਾਦਸਾ ਅਹਿਮਦਾਬਾਦ ਤੋਂ ਮੁੰਬਈ ਜਾਣ ਵਾਲੇ ਰਸਤੇ 'ਤੇ ਸੂਰਿਆ ਨਦੀ ਦੇ ਪੁਲ 'ਤੇ ਦੁਪਹਿਰ ਕਰੀਬ 3.30 ਵਜੇ ਵਾਪਰਿਆ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਸਾਲ 28 ਜੂਨ ਨੂੰ ਸਾਇਰਸ ਦੇ ਪਿਤਾ ਤੇ ਕਾਰੋਬਾਰੀ ਪਾਲਨਜੀ ਮਿਸਤਰੀ (93) ਦੀ ਮੌਤ ਹੋ ਗਈ ਸੀ। ਸਾਇਰਸ ਅਤੇ ਉਸਦੇ ਪਿਤਾ ਦੀ ਮੌਤ ਤੋਂ ਬਾਅਦ, ਉਸਦੇ ਪਰਿਵਾਰ ਵਿੱਚ ਉਸਦੀ ਮਾਂ ਪੈਟਸੀ ਪੇਰੀਨ ਡੁਬਾਸ, ਸ਼ਾਪੂਰ ਮਿਸਤਰੀ ਤੋਂ ਇਲਾਵਾ ਦੋ ਭੈਣਾਂ ਲੈਲਾ ਮਿਸਤਰੀ ਅਤੇ ਅਲੂ ਮਿਸਤਰੀ ਹਨ। -PTC News ਇਹ ਵੀ ਪੜ੍ਹੋ : ਡੇਰਾ ਰਾਧਾਸੁਆਮੀ ਦੇ ਪੈਰੋਕਾਰਾਂ ਤੇ ਨਹਿੰਗ ਸਿੰਘਾਂ ਵਿਚਾਲੇ ਹੋਈ ਝੜਪ, ਕਈ ਜਣੇ ਜ਼ਖ਼ਮੀ