ਗੈਂਗਸਟਰ ਟੀਨੂੰ ਦੇ ਫਰਾਰ ਹੋਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਚਾਰ ਮੈਂਬਰੀ SIT ਦਾ ਗਠਨ
ਚੰਡੀਗੜ੍ਹ: ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਦੀਪਕ ਟੀਨੂੰ ਫਰਾਰ ਮਾਮਲੇ ਵਿੱਚ ਮਾਨਸਾ ਪੁਲਿਸ ਨੇ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਦੇ ਘਰੋਂ ਤਿੰਨ ਹਥਿਆਰ ਬਰਾਮਦ ਹੋਏ ਹਨ। ਪ੍ਰਿਤਪਾਲ ਸਿੰਘ ਦੇ ਘਰੋਂ 2 ਪਿਸਤੌਲ ਅਤੇ 1 ਰਿਵਾਲਵਰ ਮਿਲਿਆ ਹੈ, ਇਹ ਨਜਾਇਜ਼ ਹਥਿਆਰ ਹੈ। ਮਾਨਸਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਸ ਬਾਰੇ ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਦੀਪਕ ਟੀਨੂੰ ਭਗੌੜੇ ਮਾਮਲੇ 'ਚ ਮਾਨਸਾ ਪੁਲਿਸ ਨੇ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਹੈ ਕਿ ਪ੍ਰਿਤਪਾਲ ਸਿੰਘ ਇੰਚਾਰਜ ਸੀ.ਆਈ. ਤੇ ਦੀਪਕ ਟੀਨੂੰ ਬਰੇਜ਼ਾ ਕਾਰ ਵਿੱਚ ਸਨ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿਤਪਾਲ ਸਿੰਘ ਨੇ ਦੀਪਕ ਟੀਨੂੰ ਨੂੰ ਭੱਜਣ ਵਿੱਚ ਮਦਦ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਲੜਕੀ ਦੇ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਅੱਜ ਮਾਨਸਾ ਵਿੱਚ ਗੈਂਗਸਟਰ ਦੀਪਕ ਟੀਨੂੰ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦੀ ਸਾਰੀ ਸਾਜਿਸ਼ ਦਾ ਪਰਦਾਫਾਸ ਕਰਨ ਅਤੇ ਇਸ ਮਾਮਲੇ ਦੀ ਪ੍ਰਭਾਵਸ਼ਾਲੀ ਅਤੇ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ। ਐਸ.ਆਈ.ਟੀ. ਵਿੱਚ ਪਟਿਆਲਾ ਰੇਂਜ ਦੇ ਆਈ.ਜੀ.ਪੀ. ਐਮ.ਐਸ. ਛੀਨਾ ਨੂੰ ਚੇਅਰਪਰਸਨ ਵਜੋਂ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਤਿੰਨ ਮੈਂਬਰਾਂ ਵਿੱਚ ਏ.ਆਈ.ਜੀ. ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਓਪਿੰਦਰਜੀਤ ਸਿੰਘ, ਐਸਐਸਪੀ ਮਾਨਸਾ ਗੌਰਵ ਤੂਰਾ ਅਤੇ ਡੀਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹਨ। ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਪੁਲਿਸ ਥਾਣਾ ਸਿਟੀ-1 ਮਾਨਸਾ ਵੱਲੋਂ ਐਸ.ਆਈ.ਟੀ. ਨੂੰ ਪੂਰਾ ਸਹਿਯੋਗ ਹੋਵੇਗਾ । ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਦੇ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋਣ ਦੇ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਸੀਆਈਏ ਸਟਾਫ਼ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਕੋਰਟ ਨੇ ਪੁਲਿਸ ਨੂੰ 7 ਅਕਤੂਬਰ ਤੱਕ ਰਿਮਾਂਡ ਦਿੱਤਾ ਹੈ। ਰਿਪੋਰਟ-ਨਵਦੀਪ ਮਾਨਸਾ
ਇਹ ਵੀ ਪੜ੍ਹੋ:ਲੁਧਿਆਣਾ 'ਚ ਵੱਖ-ਵੱਖ ਥਾਵਾਂ 'ਤੇ CBI ਦੀ ਛਾਪੇਮਾਰੀ -PTC News