ਮੁਹੰਮਦ ਮੁਸਤਫਾ ਦੀ ਵਾਇਰਲ ਵੀਡੀਓ ‘ਤੇ ਫੋਰੈਂਸਿਕ ਲੈਬ ਨੇ ਲਗਾਈ ਮੋਹਰ
ਚੰਡੀਗੜ੍ਹ : ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਾਬਕਾ ਡੀਜੀਪੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਚੀਫ਼ ਪ੍ਰਿੰਸੀਪਲ ਸਲਾਹਕਾਰ ਮੁਹੰਮਦ ਮੁਸਤਫਾ ਦੀ ਵਿਵਾਦਤ ਦੰਗੇ ਭੜਕਾਉਣ ਵਰਗੇ ਬਿਆਨ ਵਾਲੀ ਵਾਇਰਲ ਵੀਡੀਓ ਉਤੇ ਸੀਐਫਐਸਐਲ ਸਾਈਬਰ ਦੀ ਫੋਰੈਂਸਿਕ ਲੈਬ ਨੇ ਮੋਹਰ ਲਾ ਦਿੱਤੀ ਹੈ। ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੀ ਵਾਇਰਲ ਵੀਡੀਓ ਨੂੰ ਫੋਰੈਂਸਿਕ ਲੈਬ ਨੇ ਅਸਲੀ ਆਖਿਆ ਹੈ। ਇਸ ਕਾਰਨ ਹੁਣ ਸਾਬਕਾ ਡੀਜੀਪੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਮਲੇਰਕੋਟਲਾ ਦੇ ਇਕ ਐਸਪੀ (ਡੀ) ਨੇ ਦੱਸਿਆ ਕਿ ਐਸਐਸਪੀ ਮਲੇਰਕੋਟਲਾ ਵੱਲੋਂ ਬਣਾਈ ਗਈ ਐਸਆਈਟੀ ਨੇ 21 ਫਰਵਰੀ ਨੂੰ ਮੁਹੰਮਦ ਮੁਸਤਫ਼ਾ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਫੋਰੈਂਸਿਕ ਲੈਬਾਰੋਟਰੀ ਵੱਲੋਂ ਵੀਡੀਓ ਨੂੰ ਸਹੀ ਤੇ ਲੋਕੇਸ਼ਨ ਟਾਇਮ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੀ ਇਸ ਵਿਵਾਦਤ ਵਾਇਰਲ ਹੋਈ ਵੀਡੀਓ ਬਾਰੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਵੱਲੋਂ ਐਸਐਸਪੀ ਮਲੇਰਕੋਟਲਾ ਨੂੰ ਤੁਰੰਤ ਜਾਂਚ ਕਰ ਕੇ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਤੋਂ ਬਾਅਦ ਐਸਐਸਪੀ ਵੱਲੋਂ 3 ਮੈਂਬਰੀ ਸਿੱਟ ਦਾ ਗਠਨ ਕੀਤਾ ਗਿਆ ਸੀ ਅਤੇ ਮੁਹੰਮਦ ਮੁਸਤਫਾ ਵਿਰੁੱਧ ਧਾਰਿਮਕ ਭਾਵਨਾ ਭੜਕਾਉਣ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਹ ਵੀਡੀਓ 23 ਜਨਵਰੀ ਨੂੰ ਵਾਇਰਲ ਹੋਈ ਸੀ। ਇਸ ਤੋਂ ਬਾਅਦ ਇਸ ਵਿਵਾਦਤ ਬਿਆਨ ਦੀ ਕਈ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ। ਇਸ ਬਿਆਨ ਨੂੰ ਭੜਕਾਊ ਬਿਆਨ ਦੱਸਿਆ ਸੀ। ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ਤੇ ਗਨੀਵ ਕੌਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੋਏ ਨਤਮਸਤਕ