ਇਨਸਾਫ਼ ਲਈ ਪੈਟਰੋਲ ਦੀ ਬੋਤਲ ਲੈ ਕੇ ਬਜ਼ੁਰਗ ਪਾਣੀ ਵਾਲੀ ਟੈਂਕੀ ਉਤੇ ਚੜ੍ਹਿਆ
ਪਟਿਆਲਾ : ਨਿਊ ਮਹਿਮਦਪੁਰ ਵਾਸੀ ਰਾਮ ਸਿੰਘ ਅੱਜ ਮਹਿਦਮਪੁਰ ਜੱਟਾਂ ਵਿਖੇ ਪੈਟਰੋਲ ਵਾਲੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹ ਗਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਇਨਸਾਫ਼ ਨਹੀਂ ਮਿਲਦਾ ਉਹ ਟੈਂਕੀ ਤੋਂ ਥੱਲੇ ਨਹੀਂ ਉਤਰਨਗੇ। ਬਜ਼ੁਰਗ ਭਾਰੀ ਬਾਰਿਸ਼ ਦੌਰਾਨ ਵੀ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੀ ਟੈਂਕੀ ਉਤੇ ਚੜ੍ਹਿਆ ਰਿਹਾ ਹੈ। ਇਸ ਮੌਕੇ ਰਾਮ ਸਿੰਘ ਦੇ ਬੇਟੇ ਹਰਵੀਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਰੀਬ 8 ਮਹੀਨੇ ਪਹਿਲਾਂ ਉਨ੍ਹਾਂ ਦਾ ਗੁਆਂਢੀ ਜਗਜੀਤ ਸਿੰਘ ਤੇ ਬੇਟਾ ਸੁੱਖਪਾਲ ਸਿੰਘ ਨਾਲ ਝਗੜਿਆ ਹੋਇਆ ਸੀ। ਜਗਜੀਤ ਸਿੰਘ ਤੇ ਉਸ ਬੇਟੇ ਸੁੱਖਪਾਲ ਸਿੰਘ ਨੇ ਉਸ ਦੇ ਪਿਤਾ ਦੀ ਕਾਫੀ ਕੁੱਟਮਾਰ ਕੀਤੀ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ। ਇਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿਥੇ ਉਹ ਕਾਫੀ ਦਿਨ ਜ਼ੇਰੇ ਇਲਾਜ ਰਹੇ। ਇਸ ਤੋਂ ਬਾਅਦ ਉਹ ਇਨਸਾਫ਼ ਲਈ ਪੁਲਿਸ ਕੋਲ ਪੁੱਜੇ। ਪੁਲਿਸ ਮੁਲਜ਼ਮਾਂ ਉਤੇ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਇਸ ਕਾਰਨ ਅੱਜ ਉਸ ਦੇ ਪਿਤਾ ਇਨਸਾਫ਼ ਲਈ ਪਾਣੀ ਵਾਲੀ ਟੈਂਕੀ ਉਤੇ ਚੜ੍ਹਨ ਲਈ ਮਜਬੂਰ ਹੋ ਗਏ। ਰਾਮ ਸਿੰਘ ਨੇ ਇਕ ਆਡੀਓ ਜਾਰੀ ਕਰ ਕੇ ਦੱਸਿਆ ਕਿ ਉਸ ਦੀ ਕੁੱਟਮਾਰ ਵਿੱਚ ਪੁਲਿਸ ਨੇ 2021 ਵਿੱਚ ਜਗਜੀਤ ਸਿੰਘ, ਸੁੱਖਪਾਲ ਸਿੰਘ, ਜਸਪਾਲ ਕੌਰ ਤੇ ਹਰਪ੍ਰੀਤ ਕੌਰ ਉਤੇ ਪਰਚਾ ਦਰਜ ਕਰ ਦਿੱਤਾ ਸੀ ਪਰ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਲਟਾ ਇਨਸਾਫ਼ ਮੰਗਣ ਗਏ ਨਾਲ ਪੁਲਿਸ ਪ੍ਰਸ਼ਾਸਨ ਨੇ ਦੁਰਵਿਵਹਾਰ ਕੀਤਾ। ਇਸ ਤੋਂ ਇਲਾਵਾ ਉਸ ਨੂੰ ਇਨਸਾਫ਼ ਵੀ ਨਹੀਂ ਮਿਲ ਰਿਹਾ ਹੈ। ਇਸ ਤੋਂ ਨਿਰਾਸ਼ ਹੋ ਕੇ ਉਹ ਟੈਂਕੀ ਉਤੇ ਚੜ੍ਹ ਗਿਆ। ਇਸ ਦੌਰਾਨ ਉਨ੍ਹਾਂ ਨੇ ਇਨਸਾਫ਼ ਨਾ ਮਿਲਣ ਉਤੇ ਆਤਮਦਾਹ ਦੀ ਚਿਤਾਵਨੀ ਵੀ ਦਿੱਤੀ। ਰਿਪੋਰਟ-ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਸਿਹਤ ਮੰਤਰੀ ਵੱਲੋਂ ਵੀਸੀ ਨਾਲ ਬਦਸਲੂਕੀ ਦਾ ਮਾਮਲਾ ਭਖਿਆ ; ਪ੍ਰਿੰਸੀਪਲ ਡਾ.ਦੇਵਗਨ ਤੇ ਮੈਡੀਕਲ ਸੁਪਰਡੈਂਟ ਡਾ.ਕੇਡੀ ਸਿੰਘ ਵੱਲੋਂ ਅਸਤੀਫ਼ਾ