ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ, 127 ਦੀ ਮੌਤ, 180 ਤੋਂ ਵੱਧ ਜ਼ਖਮੀ
Indonesia football match: ਇੰਡੋਨੇਸ਼ੀਆ 'ਚ ਫੁੱਟਬਾਲ ਮੈਚ ਦੌਰਾਨ ਸਟੇਡੀਅਮ 'ਚ ਭੜਕੀ ਹਿੰਸਾ 'ਚ ਹੁਣ ਤੱਕ 127 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਦੱਸੇ ਜਾ ਰਹੇ ਹਨ। ਇੰਡੋਨੇਸ਼ੀਆ ਪੁਲਿਸ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਘਟਨਾ ਪੂਰਬੀ ਜਾਵਾ ਦੀ ਹੈ। ਪੂਰਬੀ ਜਾਵਾ ਦੇ ਇਕ ਫੁੱਟਬਾਲ ਮੈਦਾਨ 'ਚ ਫੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਮੈਦਾਨ ਵਿੱਚ ਪੁੱਜੇ ਹੋਏ ਸਨ। ਜਦੋਂ ਫੁੱਟਬਾਲ ਮੈਚ ਦਾ ਨਤੀਜਾ ਆਇਆ ਤਾਂ ਮੈਦਾਨ 'ਚ ਮੈਚ ਦੇਖਣ ਆਏ ਪ੍ਰਸ਼ੰਸਕ ਗੁੱਸੇ 'ਚ ਆ ਗਏ। ਗੁੱਸੇ 'ਚ ਆਏ ਪ੍ਰਸ਼ੰਸਕ ਫੁੱਟਬਾਲ ਮੈਦਾਨ 'ਚ ਦਾਖਲ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਹਾਰ ਤੋਂ ਨਿਰਾਸ਼ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਅਤੇ ਆਪਸ 'ਚ ਲੜਨ ਲੱਗੇ। ਲੜਾਈ ਤੋਂ ਬਾਅਦ ਭਗਦੜ ਮੱਚ ਗਈ ਅਤੇ ਭਗਦੜ ਵਿਚ ਹੀ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਗਈ। ਗਰਾਊਂਡ ਵਿੱਚ ਅਜਿਹੇ ਹੰਗਾਮੇ ਤੋਂ ਬਾਅਦ ਖੇਡਾਂ ਨੂੰ ਇੱਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਸੂਚਨਾ ਇਹ ਵੀ ਆ ਰਹੀ ਹੈ ਕਿ ਪ੍ਰਸ਼ਾਸਨ ਭੀੜ ਨੂੰ ਕੰਟਰੋਲ ਨਹੀਂ ਕਰ ਸਕਿਆ। ਮੈਚ ਦੇਖਣ ਲਈ ਸਟੇਡੀਅਮ ਦੀ ਸਮਰੱਥਾ ਤੋਂ ਵੱਧ ਲੋਕ ਪੁੱਜੇ ਹੋਏ ਸਨ। ਇਹ ਵੀ ਪੜ੍ਹੋ:ਆਟਾ ਵੰਡ ਸਕੀਮ ਪੰਜਾਬ 'ਚ ਭ੍ਰਿਸ਼ਟਾਚਾਰ ਦੇ ਦਰਵਾਜ਼ੇ ਖੋਲ੍ਹੇਗੀ : ਬਾਜਵਾ ਪੂਰਬੀ ਜਾਵਾ ਸੂਬੇ 'ਚ ਇੰਡੋਨੇਸ਼ੀਆ ਦੇ ਪੁਲਸ ਮੁਖੀ ਨਿਕੋ ਅਫਿੰਟਾ ਨੇ ਕਿਹਾ ਕਿ ਹਾਰਨ ਵਾਲੇ ਪੱਖ ਦੇ ਸਮਰਥਕ ਮੈਦਾਨ 'ਤੇ ਆ ਗਏ ਅਤੇ ਅਰੇਮਾ ਐੱਫਸੀ ਅਤੇ ਪਰਸੇਬਾਯਾ ਸੁਰਾਬਾਇਆ ਵਿਚਾਲੇ ਹੋਏ ਮੈਚ ਤੋਂ ਬਾਅਦ ਹਿੰਸਾ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੈਚ ਦੇਖਣ ਲਈ 40 ਹਜ਼ਾਰ ਦਰਸ਼ਕ ਮੌਜੂਦ ਸਨ। ਉਨ੍ਹਾਂ ਵਿੱਚੋਂ ਤਿੰਨ ਹਜ਼ਾਰ ਦੇ ਕਰੀਬ ਦਰਸ਼ਕ ਮੈਦਾਨ ਵੱਲ ਭੱਜੇ। ਸਥਿਤੀ 'ਤੇ ਕਾਬੂ ਪਾਉਣ ਲਈ ਅਧਿਕਾਰੀਆਂ ਨੂੰ ਅੱਥਰੂ ਗੈਸ ਛੱਡਣੀ ਪਈ, ਜਿਸ ਤੋਂ ਬਾਅਦ ਭਗਦੜ ਮੱਚ ਗਈ ਅਤੇ ਦਮ ਘੁੱਟਣ ਦੇ ਮਾਮਲੇ ਸਾਹਮਣੇ ਆਏ ਹਨ। ਅਫਿੰਤਾ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਘਟਨਾ 'ਚ 127 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚੋਂ ਦੋ ਪੁਲਸ ਅਧਿਕਾਰੀ ਸਨ। ਸਟੇਡੀਅਮ ਦੇ ਅੰਦਰ 34 ਲੋਕਾਂ ਦੀ ਮੌਤ ਹੋ ਗਈ ਅਤੇ ਬਾਕੀ ਹਸਪਤਾਲ ਵਿੱਚ ਦਮ ਤੋੜ ਗਏ। -PTC News