ਅਜਨਾਲਾ 'ਚ ਜ਼ਿਲ੍ਹਾ ਸਿਹਤ ਵਿਭਾਗ ਨੇ ਛਾਪੇ ਮਾਰ ਦੁਕਾਨਦਾਰਾਂ ਨੂੰ ਪਾਈਆਂ ਭਾਜੜਾਂ
ਅਜਨਾਲਾ : ਅਜਨਾਲਾ 'ਚ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀ ਮੈਡਮ ਭਾਰਤੀ ਧਵਨ ਵੱਲੋਂ ਵੱਖ ਵੱਖ ਖਾਣ-ਪੀਣ ਦੀਆ ਵਸਤਾਂ ਦੀਆਂ ਦੁਕਾਨਾਂ ਉਪਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਬਰਗਰ ਪੀਜ਼ੇ ਵਾਲੀਆਂ ਦੁਕਾਨਾਂ 'ਤੇ ਕਈ ਕਰਿਆਨੇ ਵਾਲਿਆਂ ਦੀਆਂ ਦੁਕਾਨਾਂ ਤੇ ਵੀ ਛਾਪਾ ਮਾਰਿਆ ਗਿਆ ਹੈ। ਇਸ ਦੌਰਾਨ ਵੱਖ-ਵੱਖ ਦੁਕਾਨਾਂ ਤੋਂ ਸੈਂਪਲ ਭਰੇ ਗਏ। ਇਸ ਛਾਪੇਮਾਰੀ ਦੌਰਾਨ ਟੀਮ ਦੀ ਭਿਣਕ ਲੱਗਦੇ ਹੀ ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ। ਜ਼ਿਲ੍ਹਾ ਸਿਹਤ ਅਫ਼ਸਰ ਮੈਡਮ ਭਾਰਤੀ ਧਵਨ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਅਜਨਾਲਾ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਇਕ ਬਰਗਰ, ਪੀਜ਼ੇ ਵੇਚਣ ਵਾਲੀ ਦੁਕਾਨ ਤੇ ਸੈਂਪਲ ਭਰੇ ਗਏ ਅਤੇ ਨਾਲ ਹੀ ਕਰਿਆਨੇ ਤੇ ਦੁੱਧ ਦੀਆਂ ਦੁਕਾਨਾਂ ਤੇ ਚੈਕਿੰਗ ਕਰ ਸੈਂਪਲ ਭਰੇ। ਉੱਥੇ ਹੀ ਇਸ ਮੌਕੇ ਅਜਨਾਲਾ ਸ਼ਹਿਰ ਦੀਆਂ ਕਈ ਦੁਕਾਨਾਂ ਦੇ ਦੁਕਾਨਦਾਰ ਦਬੰਗ ਮੈਡਮ ਦੀ ਭਿਣਕ ਲੱਗਦੇ ਹੀ ਦੁਕਾਨਾਂ ਦੇ ਸ਼ਟਰ ਸੁੱਟ ਕੇ ਰਫੂਚੱਕਰ ਹੋ ਗਏ। ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਮੈਡਮ ਭਾਰਤੀ ਧਵਨ ਨੇ ਕਿਹਾ ਕਿ ਅਜਨਾਲਾ ਸ਼ਹਿਰ ਦੀਆਂ ਵੱਖ ਵੱਖ ਦੁਕਾਨਾਂ ਤੇ ਉਨ੍ਹਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਸਾਫ ਸੁਥਰਾ ਸਾਮਾਨ ਮਿਲ ਸਕੇ। ਓਹਨਾਂ ਕਿਹਾ ਕਿ ਕੁਝ ਜਗ੍ਹਾ ਤੇ ਸਾਫ ਸਫਾਈ ਦੀ ਘਾਟ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਤੇ ਵੀ ਖਾਸ ਚੈਕਿੰਗ ਕੀਤੀ ਗਈ ਹੈ ਕਿਉਂਕਿ ਸੁਣਨ ਵਿਚ ਆਇਆ ਹੈ ਕਿ ਦੁੱਧ ਵਿੱਚ ਮਿਲਾਵਟ ਹੋਣ ਕਰਕੇ ਚੀਜ਼ਾਂ ਸਾਫ਼ ਸੁਥਰੀਆਂ ਨਹੀਂ ਬਣਦੀਆਂ। ਉਨ੍ਹਾਂ ਦੱਸਿਆ ਕਿ ਅਜੇ ਅਜਨਾਲਾ ਅੰਦਰ ਦਾਖਲ ਹੁੰਦੇ ਹੀ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰ ਲਈਆਂ ਗਈਆਂ ਹਨ ਜਿਸ ਤੋਂ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਦੁਕਾਨਾਂ ਬੰਦ ਹੋ ਗਈਆਂ ਹਨ ਕੁਝ ਗਲਤ ਚੱਲ ਰਿਹਾ ਹੈ। ਓਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਅਤੇ ਭਵਿੱਖ ਵਿਚ ਵੀ ਛਾਪੇਮਾਰੀ ਜਾਰੀ ਰਹੇਗੀ। (ਪੰਕਜ ਮੱਲ੍ਹੀ ਦੀ ਰਿਪੋਰਟ) -PTC News