ਅਸਾਮ 'ਚ ਹੜ੍ਹ ਕਾਰਨ ਮਚੀ ਤਬਾਹੀ, ਦੋ ਲੱਖ ਲੋਕਾਂ ਦਾ ਜਨਜੀਵਨ ਹੋਇਆ ਪ੍ਰਭਾਵਿਤ
ਅਸਾਮ : ਅਸਾਮ ਵਿੱਚ ਕੁਦਰਤ ਦੇ ਕਹਿਰ ਕਾਰਨ ਲੋਕਾਂ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਅਸਾਮ ਵਿੱਚ ਲਗਾਤਾਰ ਮੀਂਹ ਕਾਰਨ ਕਈ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਅਸਾਮ 'ਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਦੋ ਲੱਖ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਉਤੇ ਵੀ 1600 ਲੋਕ ਫਸ ਗਏ ਸਨ। ਜਿਨ੍ਹਾਂ ਨੂੰ ਰਾਹਤ ਕਾਰਜਾਂ ਤਹਿਤ ਬਚਾਅ ਕੇ ਸੁਰੱਖਿਅਤ ਸਥਾਨ ਉਤੇ ਪਹੁੰਚਾਇਆ ਹੈ। ਇਸ ਭਿਆਨਕ ਹੜ੍ਹ ਕਾਰਨ ਭਾਰੀ ਤਬਾਹੀ ਮਚੀ ਹੈ। ਲੋਕਾਂ ਦੇ ਘਰ, ਫਸਲ ਤੇ ਸਰਕਾਰੀ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਇਕ ਪੁਲ ਵੀ ਰੁੜ ਗਿਆ ਹੈ। ਮੀਂਹ ਕਾਰਨ ਕਈ ਇਲਾਕਿਆਂ 'ਚ ਜ਼ਮੀਨ ਖਿਸਕ ਗਈ ਹੈ। ਸੂਬੇ ਦੇ 20 ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਦੋ ਲੱਖ ਦੇ ਕਰੀਬ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਨੁਸਾਰ ਇਕੱਲੇ ਕਛਰ ਜ਼ਿਲ੍ਹੇ ਵਿੱਚ 50 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹਨ। 652 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। 16,645.61 ਹੈਕਟੇਅਰ ਫਸਲ ਹੜ੍ਹ ਕਾਰਨ ਤਬਾਹ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਚਰ ਜ਼ਿਲ੍ਹੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਦੋ ਬੱਚਿਆਂ ਸਮੇਤ ਤਿੰਨ ਹੋਰ ਲਾਪਤਾ ਹਨ। ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕੰਮ ਜਾਰੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 55 ਰਾਹਤ ਕੈਂਪ ਤੇ 12 ਵੰਡ ਕੇਂਦਰ ਸਥਾਪਿਤ ਕੀਤੇ ਗਏ ਹਨ। ਕਰੀਬ 33 ਹਜ਼ਾਰ ਹੜ੍ਹ ਪ੍ਰਭਾਵਿਤ ਲੋਕਾਂ ਨੇ ਇੱਥੇ ਸ਼ਰਨ ਲਈ ਹੈ। ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਨਿਊ ਕੁੰਜਾਂਗ, ਫਿਆਂਗਪੁਈ, ਮੌਲਹੋਈ, ਨਮਜੁਰੰਗ, ਦਕਸ਼ੀਨ ਬਗੇਤਾਰ, ਮਹਾਦੇਵ ਟੀਲਾ, ਕਾਲੀਬਾੜੀ, ਉੱਤਰੀ ਬਾਗੇਤਾਰ, ਜੀਓਨ ਅਤੇ ਲੋਡੀ ਪੰਗਮੌਲ ਪਿੰਡਾਂ ਤੋਂ ਜ਼ਮੀਨ ਖਿਸਕਣ ਦੀ ਸੂਚਨਾ ਮਿਲੀ ਹੈ। ਜ਼ਮੀਨ ਖਿਸਕਣ ਕਾਰਨ ਜਟਿੰਗਾ-ਹਰੰਗਾਜਾਓ ਅਤੇ ਮਾਹੂਰ-ਫਿਡਿੰਗ ਵਿਖੇ ਰੇਲਵੇ ਲਾਈਨਾਂ ਬੰਦ ਹੋ ਗਈਆਂ ਹਨ। ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ, ਅਰਧ ਸੈਨਿਕ ਬਲ, ਫਾਇਰ ਅਤੇ ਐਮਰਜੈਂਸੀ ਸੇਵਾਵਾਂ, ਐਸਡੀਆਰਐਫ, ਸਿਵਲ ਪ੍ਰਸ਼ਾਸਨ ਅਤੇ ਸਿਖਲਾਈ ਪ੍ਰਾਪਤ ਵਲੰਟੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹੜ੍ਹ ਪੀੜਤਾਂ ਨੂੰ ਬਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਜਾ ਰਿਹਾ ਹੈ। ਇਸ ਦੌਰਾਨ ਬ੍ਰਹਮਪੁੱਤਰ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਈ ਹੈ। ਜੋਰਹਾਟ ਜ਼ਿਲ੍ਹੇ ਦੇ ਨਿਮਤੀਘਾਟ ਅਤੇ ਨਗਾਓਂ ਜ਼ਿਲ੍ਹੇ ਦੇ ਕਾਮਪੁਰ ਖੇਤਰ ਵਿੱਚ ਕੋਪਿਲੀ ਨਦੀ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਨਗਾਓਂ ਜ਼ਿਲ੍ਹੇ ਦੇ ਕਾਮਪੁਰ ਖੇਤਰ ਵਿੱਚ ਹੜ੍ਹ ਦੀ ਸਥਿਤੀ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲਗਾਤਾਰ ਮੀਂਹ ਕਾਰਨ ਡਿਟੋਚੇਰਾ ਸਟੇਸ਼ਨ 'ਤੇ ਕਈ ਲੋਕ ਫਸ ਗਏ। ਡਿਟੋਚੇਰਾ ਸਟੇਸ਼ਨ 'ਤੇ ਫਸੇ ਸਾਰੇ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਉੱਤਰ-ਪੂਰਬੀ ਸਰਹੱਦੀ ਰੇਲਵੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਟੇਸ਼ਨ 'ਤੇ ਫਸੇ ਕਰੀਬ 1600 ਰੇਲਵੇ ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਯਾਤਰੀਆਂ ਨੂੰ ਬਦਰਪੁਰ ਅਤੇ ਸਿਲਚਰ ਭੇਜ ਦਿੱਤਾ ਗਿਆ ਹੈ। ਇਹ ਵੀ ਪੜ੍ਹੋ : ਦੇਸ਼ 'ਚ ਮਹਿੰਗਾਈ 15.08 ਫ਼ੀਸਦ ਦੇ ਨਵੇਂ ਰਿਕਾਰਡ 'ਤੇ ਪੁੱਜੀ, ਲੋਕ ਮਹਿੰਗਾਈ ਦੀ 'ਚੱਕੀ' 'ਚ ਪਿਸ ਰਹੇ