ਲੁਧਿਆਣਾ ਹੋਇਆ ਪਾਣੀ-ਪਾਣੀ, ਬੁੱਢੇ ਨਾਲੇ ਦਾ ਟੁੱਟਿਆ ਬੰਨ੍ਹ, ਹੜ੍ਹ ਵਰਗੇ ਬਣੇ ਹਾਲਾਤ, ਵੇਖੋ VIDEO
ਲੁਧਿਆਣਾ : ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੁੱਧਵਾਰ ਰਾਤ ਤੇਜ਼ ਬਰਸਾਤ ਕਾਰਨ ਜਿੱਥੇ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਸ਼ਹਿਰਾਂ ਦੀਆਂ ਸੜਕਾਂ ਪਾਣੀ ਨਾਲ ਜਲਥਲ ਹੋ ਗਈਆਂ ਹਨ। ਇਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਵਿਚਾਲੇ ਸਨਅਤੀ ਸ਼ਹਿਰ ਲੁਧਿਆਣਾ 'ਚ ਵੀ ਭਾਰੀ ਮੀਂਹ ਨਾਲ ਨਰਕ ਵਰਗ ਹਾਲਾਤ ਬਣ ਗਏ। ਸ਼ਹਿਰ ਦੀਆਂ ਸੜਕਾਂ 'ਤੇ 2-2 ਫੁੱਟ ਪਾਣੀ ਭਰਨ ਅਤੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਨਾਲ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ। ਭਾਰੀ ਮੀਂਹ ਨੇ ਨਗਰ ਨਿਗਮ ਵੱਲੋਂ ਬੁੱਢੇ ਨਾਲੇ ਦੀ ਸਾਫ਼ ਸਫ਼ਾਈ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਵੀ ਪੋਲ ਵੀ ਖੋਲ੍ਹ ਦਿੱਤੀ। ਪਾਣੀ ਦੀ ਨਿਕਾਸੀ 'ਤੇ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਹੈ। ਇਸ ਦੌਰਾਨ ਲੁਧਿਆਣਾ ਵਿਚ ਬੁੱਢੇ ਨਾਲੇ ਦਾ ਬੰਨ੍ਹ ਟੁੱਟ ਗਿਆ ਜਿਸ ਨਾਲ ਹੜ੍ਹ ਵਰਗੇ ਹਾਲਾਤ ਬਣ ਗਏ। ਬੁੱਢੇ ਨਾਲੇ ਦਾ ਬੰਨ੍ਹ ਟੁੱਟਣ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਵੜ ਗਿਆ। ਹੁਣ ਇਹ ਪਾਣੀ ਮੋਟਰਾਂ ਦੇ ਜ਼ਰੀਏ ਕਈ ਇਲਾਕਿਆਂ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਹ ਵੀ ਪੜ੍ਹੋ: Presidential Election Result 2022: ਵੋਟਾਂ ਦੀ ਹੋਵੇਗੀ ਗਿਣਤੀ, ਦੇਸ਼ ਦਾ 15ਵਾਂ ਰਾਸ਼ਟਰਪਤੀ ਕੌਣ ਬਣੇਗਾ ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਲੁਧਿਆਣਾ ਵਿਚ ਕਰੀਬ ਸੱਤ ਘੰਟਿਆਂ ਵਿੱਚ 96.4 ਮਿਲੀਮੀਟਰ ਮੀਂਹ ਪਿਆ ਸੀ। ਇਸ ਕਾਰਨ ਸ਼ਹਿਰ ਵਿੱਚੋਂ ਨਿਕਲਦੀ ਬੁੱਢੀ ਨਦੀ ਨੱਕੋ-ਨੱਕ ਭਰ ਗਈ ਤੇ ਨਦੀ ਉਛਾਲ ਉਤੇ ਆ ਗਈ। ਬੁੱਢਾ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਖੇਤਾਂ ਵਿੱਚ ਵੀ ਭਰ ਗਿਆ। ਇਸ਼ ਨਾਲ ਲੋਕਾਂ ਦੀਆਂ ਫ਼ਸਲਾਂ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਵੀ ਹੈ। ਵੇਖੋ ਵੀਡੀਓ--- ਮੌਨਸੂਨ ਪੂਰੀ ਤਰ੍ਹਾਂ ਐਕਟਿਵ ਹੈ ਤੇ ਮੌਸਮ ਵਿਭਾਗ ਵੀ ਤੇਜ਼ ਮੀਂਹ ਦੇ ਅਲਰਟ ਜਾਰੀ ਕਰ ਚੁੱਕਾ ਹੈ। ਇਸੇ ਦੌਰਾਨ ਲੁਧਿਆਣਾ ਵਿੱਚ ਲੱਗੀ ਸਾਉਣ ਦੀ ਝੜੀ ਨੇ ਨਗਰ ਨਿਗਮ ਦੇ ਸਾਰੇ ਦਾਅਵਿਆਂ ਨੂੰ ਧੋ ਕੇ ਰੱਖ ਦਿੱਤਾ। ਸਮਾਰਟ ਸਿਟੀ ਦੇ ਲੋਕਾਂ ਨੂੰ ਮੀਂਹ ਨੇ ਗਰਮੀ ਤੋਂ ਤਾਂ ਰਾਹਤ ਦੇ ਦਿੱਤੀ ਪਰ ਮੀਂਹ ਸੜਕਾਂ ’ਤੇ ਖੜ੍ਹੇ ਪਾਣੀ ਦੀ ਆਫ਼ਤ ਲੈ ਕੇ ਆਇਆ। ਗੌਰਤਲਬ ਹੈ ਕਿ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਲਈ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਲੁਧਿਆਣਾ ਪੁੱਜੇ ਸਨ। ਉਨ੍ਹਾਂ ਕਿਹਾ ਸੀ ਕਿ ਸੂਬੇ ਭਰ ਦੇ ਜਲ ਸਰੋਤਾਂ ਨੂੰ ਸਾਫ਼ ਕਰਨ ਦੇ ਨਾਲ-ਨਾਲ ਕੀਮਤੀ ਕੁਦਰਤੀ ਸਰੋਤਾਂ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ। ਨਾਲ ਹੀ ਪਾਣੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ। -PTC News