'ਕੌਫ਼ੀ' ਵੀ ਨਿਖ਼ਾਰਦੀ ਹੈ 'ਸੂਰਤ' , ਕਰੋ ਇਸਤੇਮਾਲ , ਵੇਖਿਓ ਫ਼ਿਰ ਕਮਾਲ
'ਕੌਫ਼ੀ' ਵੀ ਨਿਖ਼ਾਰਦੀ ਹੈ 'ਸੂਰਤ' , ਕਰੋ ਇਸਤੇਮਾਲ , ਵੇਖਿਓ ਫ਼ਿਰ ਕਮਾਲ: ਕੌਫੀ ਵਿਸ਼ਵ ਵਿੱਚ ਸਭ ਤੋਂ ਮਸ਼ਹੂਰ ਪੇਅ ਪਦਾਰਥਾਂ ਵਿੱਚੋਂ ਇੱਕ ਹੈ। ਚੁਸਤੀ ਭਰੀ ਖੁਸ਼ਬੂ ਨਾਲ ਦਿਨ ਭਰ ਤੁਹਾਨੂੰ ਕਿਰਿਆਸ਼ੀਲ ਰੱਖਣ ਵਾਲੀ ਕੌਫ਼ੀ ਨੂੰ ਕਈ ਸਿਹਤ ਲਾਭਾਂ ਲਈ ਵੀ ਜਾਣਿਆ ਜਾਂਦਾ ਹੈ । ਕੌਫ਼ੀ ਵਿਚ ਕੈਫ਼ੀਨ ਹੁੰਦੀ ਹੈ, ਜੋ ਇਨਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦੀ ਹੈ ਅਤੇ ਇਸ ਤਰ੍ਹਾਂ ਕੌਫ਼ੀ ਟਾਈਪ 2 ਡਾਇਬਟੀਜ਼ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਕੌਫ਼ੀ ਦੇ ਕਈ ਸੁੰਦਰਤਾ ਲਾਭ ਵੀ ਹੁੰਦੇ ਹਨ ਅਤੇ ਤੁਹਾਡੀ ਚਮੜੀ ਨੂੰ ਸਾਫ਼ ਕਰਨ ਅਤੇ ਸੁੰਦਰ ਦਿਖਣ ਲਈ ਸਹਾਈ ਹੁੰਦੇ ਹਨ । ਆਓ ਜਾਣੀਏ ਕੌਫ਼ੀ ਦੇ ਉਹ ਫ਼ਾਇਦੇ , ਜੋ ਸੁੰਦਰਤਾ ਨੂੰ ਹੋਰ ਨਿਖ਼ਾਰ ਸਕਦੇ ਹਨ ।
ਵਾਲਾਂ ਵਾਸਤੇ ਲਾਭਕਾਰੀ :-
ਤੁਸੀਂ ਵਾਲਾਂ ਨੂੰ ਕੌਫ਼ੀ ਨਾਲ ਚਮਕਾ ਸਕਦੇ ਹੋ, ਇਸ ਨੂੰ ਨਿਯਮਿਤ ਰੂਪ ਨਾਲ ਵਰਤ ਕੇ ਵਾਲਾਂ ਨੂੰ ਲੰਬਾ ਵੀ ਕੀਤਾ ਜਾ ਸਕਦਾ ਹੈ । ਕੌਫ਼ੀ ਨਾਲ ਲਗਭਗ ਇਕ ਮਿੰਟ ਲਈ ਆਪਣੇ ਸਿਰ ਦੀ ਮਾਲਸ਼ ਕਰੋ ਅਤੇ ਫਿਰ ਠੰਡੇ ਪਾਣੀ ਦੀ ਵਰਤੋਂ ਕਰਕੇ ਇਸ ਨੂੰ ਧੋ ਲਓ। ਨਿਯਮਤ ਸ਼ੈਂਪੂ ਅਤੇ ਕੰਡੀਸ਼ਨਿੰਗ ਦੇ ਨਾਲ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ । ਹਰੀ ਮਹਿੰਦੀ ਦੀ ਪੇਸਟ 'ਚ ਰਤਾ ਕੁ ਕੌਫ਼ੀ ਮਿਲਾ ਲਓ ਤਾਂ ਵਾਲਾਂ ਨੂੰ ਕੁਦਰਤੀ ਭੂਰਾ ਰੰਗ ਮਿਲੇਗਾ ਅਤੇ ਤੁਹਾਡੇ ਵਾਲ ਬੇਹੱਦ ਖੂਬਸੂਰਤ ਬਣ ਸਕਣਗੇ ।
ਕੌਫ਼ੀ ਦਾ ਫ਼ੇਸ ਪੈਕ ਬਣਾ ਕੇ ਵਰਤੋ :- ਤੁਸੀਂ ਆਪਣੀ ਚਮੜੀ ਨੂੰ ਤੰਦਰੁਸਤ ਅਤੇ ਚਮਕਦਾਰ ਰੱਖਣ ਲਈ ਆਪਣੇ ਕੌਫ਼ੀ ਯੁਕਤ ਫੇਸ ਪੈਕ ਦੀ ਵੀ ਵਰਤੋਂ ਕਰ ਸਕਦੇ ਹੋ। ਤੁਸੀਂ ਕੌਫੀ ਅਤੇ ਜੈਤੂਨ ਦੇ ਤੇਲ ਦੀ ਵਰਤੋਂ ਕਰਕੇ ਘਰ 'ਚ ਰਹਿ ਕੇ ਹੀ ਫੇਸ ਪੈਕ ਬਣਾ ਸਕਦੇ ਹੋ । ਉਪਰੋਕਤ ਦੋਵਾਂ ਚੀਜ਼ਾਂ ਦਾ ਮਿਸ਼ਰਣ ਤਿਆਰ ਕਰੋ ਅਤੇ ਇਸ ਦੀ ਪੇਸਟ ਨੂੰ ਆਪਣੇ ਚਿਹਰੇ 'ਤੇ ਲਗਾਓ, ਲਗਭੱਗ 15 ਮਿੰਟ ਲਈ ਆਪਣੇ ਚਿਹਰੇ ਦੀ ਮਾਲਸ਼ ਕਰੋ ਅਤੇ ਫਿਰ ਤੇਲ ਅਤੇ ਕਾਫੀ ਦੇ ਮਿਸ਼ਰਣ ਨੂੰ ਹਟਾਉਣ ਲਈ ਗਿੱਲੇ ਕੱਪੜੇ ਦੀ ਵਰਤੋਂ ਕਰੋ। ਤੁਹਾਨੂੰ ਤੇਲ ਨੂੰ ਪਾਣੀ ਨਾਲ ਧੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਤੁਹਾਡੀ ਚਮੜੀ ਨੂੰ ਨਮੀ ਦੇਵੇਗਾ, ਹਾਂ ਕੁਝ ਚਿਰ ਬਾਅਦ ਇਸਨੂੰ ਪਾਣੀ ਨਾਲ ਧੋਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਕੌਫ਼ੀ ਤੋਂ ਐਲਰਜੀ ਹੈ ,ਯਾਂ ਜਿੰਨਾ ਦੀ ਸਕਿਨ ਸੈਂਸਟਿਵ ਹੈ , ਉਹ ਗੁਰੇਜ਼ ਕਰਨ ।
ਡੈੱਡਸਕਿਨ - ( ਭੱਦੀ ਹੋਈ ਚਮੜੀ ਨੂੰ ਨਿਖਾਰਦੀ ):-
ਕੌਫ਼ੀ ਚਮੜੀ ਦੀ ਡੈੱਡਸਕਿਨ ਨੂੰ ਮੁੜ ਤੋਂ ਖਿੜੀ ਬਣਾ ਸਕਦੀ ਹੈ । ਤੁਸੀਂ ਛੋਟੇ-ਛੋਟੇ ਬਰੀਕ / ਪੀਸੀ ਹੋਈ ਕੌਫ਼ੀ ਨੂੰ ਸਕਰਬ ਦੇ ਤੌਰ 'ਤੇ ਵਰਤ ਕੇ ਆਪਣੇ ਚਿਹਰੇ ਦੀ ਮੁਰਝਾਈ ਚਮੜੀ ਨੂੰ ਐਕਟਿਵ ਬਣਾ ਸਕਦੇ ਹੋ । ਜਿਨ੍ਹਾਂ ਦੀ ਚਮੜੀ ਨਾਜ਼ੁਕ ਹੈ, ਉਹ ਧਿਆਨ ਨਾਲ ਵਰਤਣ ।
ਮੈਨੀਕਿਓਰ-ਪੈਡੀਕਿਓਰ ਲਈ ਵਰਤੋ ਕੌਫ਼ੀ- ਕੌਫ਼ੀ ਬੀਨਜ਼ ਨੂੰ ਪੀਸ ਲਓ, ਜਾਂ ਫ਼ਿਰ ਪੀਸੀ ਪਿਸਾਈ ਕੌਫ਼ੀ 'ਚ ਦੁੱਧ ਮਿਲਾਓ, ਮਿਸ਼ਰਣ ਤਿਆਰ ਹੋ ਜਾਵੇ ਤਾਂ ਹੱਥਾਂ ਪੈਰਾਂ ਤੇ ਲਗਾ ਕੇ ਸਕਰਬ ਕਰੋ। ਅਜਿਹਾ ਕਰਨ ਨਾਲ ਜਿੱਥੇ ਤੁਹਾਡੇ ਹੱਥਾਂ ਪੈਰਾਂ ਦੀ ਗੰਦਗੀ ਦੂਰ ਹੋਵੇਗੀ, ਉੱਥੇ ਚਮੜੀ ਚਮਕਦਾਰ ਅਤੇ ਕੋਮਲ ਲੱਗੇਗੀ।
ਬਾਡੀ ਮਸਾਜ਼ ਲਈ ਕਰੋ ਕੌਫ਼ੀ ਸਕਰਬ ਤਿਆਰ:- ਕੌਫ਼ੀ ਬੀਨਜ਼ ਲਓ , ਇਸ 'ਚ ਕੋਕੋ ਬਟਰ ਮਿਕਸ ਕਰੋ, ਇੱਕ ਪੇਸਟ ਬਣ ਜਾਵੇਗੀ, ਹੁਣ ਤੁਸੀਂ ਆਪਣੇ body ਮਸਾਜ਼ ਕਰ ਸਕਦੇ ਹੋ। ਇਹ ਸਰੀਰ ਨੂੰ ਤਾਜ਼ਗੀ,ਨਮੀ, ਚੁਸਤੀ ਪ੍ਰਦਾਨ ਕਰਨ ਦੇ ਨਾਲ ਖੂਬਸੂਰਤ ਬਣਾਉਂਦੀ ਹੈ। ਦੇਖਣਾ ਤੁਸੀਂ ਚਮਕ ਉੱਠੋਗੇ।
ਸੋ ,ਹੈ ਨਾ ਕਮਾਲ? ਕੌਫ਼ੀ ਸਿਰਫ਼ ਪੀਣ ਲਈ ਹੀ ਨਹੀਂ ਤੁਹਾਨੂੰ ਖੂਬਸੂਰਤ ਬਣਾਉਣ 'ਚ ਵੀ ਸਹਾਈ ਹੁੰਦੀ ਹੈ। ਚਿਹਰੇ ਅਤੇ ਬਾੱਡੀ ਨੂੰ ਚਮਕਾਓ, ਕੌਫ਼ੀ ਨੂੰ ਇਸ ਤਰੀਕੇ ਵੀ ਅਜ਼ਮਾਓ।