ਬਿਆਸ 'ਚ ਰਾਧਾ ਸੁਆਮੀਆਂ ਅਤੇ ਨਿਹੰਗਾਂ ਵਿਚਾਲੇ ਝੜਪ ਮਗਰੋਂ ਪਰਚਾ ਦਰਜ
ਅੰਮ੍ਰਿਤਸਰ, 6 ਸਤੰਬਰ: ਬੀਤੇ ਦਿਨੀਂ ਡੇਰਾ ਰਾਧਾ ਸੁਆਮੀ ਸਤਿਸੰਗ ਦੇ ਪੈਰੋਕਾਰਾਂ ਅਤੇ ਨਿਹੰਗਾਂ ਵੱਲੋਂ ਆਪਣੇ ਪਸ਼ੂ ਚਾਰਨ ਲਈ ਡੇਰੇ ਦੀ ਹਦੂਦ ਅੰਦਰ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹੋਈ ਝੜਪ ਦੇ ਸਬੰਧ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਸੀਨੀਅਰ ਪੁਲਿਸ ਕਪਤਾਨ ਸਵਪਨ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੂੰ ਵੀ ਇਸ ਵਿੱਚ ਧਿਰ ਬਣਾਇਆ ਗਿਆ ਹੈ। ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਬਿਆਸ ਵਿੱਚ ਲਗਾਤਾਰ ਤੀਜੇ ਦਿਨ ਤਣਾਅ ਬਣਿਆ ਹੋਇਆ ਹੈ। ਇਲਾਕੇ 'ਚ ਭਾਰੀ ਪੁਲਿਸ ਫੋਰਸ ਨੂੰ ਤਾਇਨਾਤ ਕੀਤੀ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਵੀ ਘਟਨਾ ਦੀ ਦੇਰ ਸ਼ਾਮ ਡੇਰੇ ਦੀ ਇਮਾਰਤ ਦਾ ਦੌਰਾ ਕੀਤਾ, ਜਦੋਂ ਕਿ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕੱਲ੍ਹ ਬਿਆਸ ਵਿੱਚ ਡੇਰਾ ਲਾਇਆ ਗਿਆ। ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਡੀਜੀਪੀ ਨੇ ਲੋਕਾਂ ਨੂੰ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ, ਉਨ੍ਹਾਂ ਕਿਹਾ ਕਿ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। ਐਸਐਸਪੀ ਆਈਜੀ (ਬਾਰਡਰ ਰੇਂਜ) ਮੋਹਨੀਸ਼ ਚਾਵਲਾ ਦੀ ਨਿਗਰਾਨੀ ਹੇਠ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਝੜਪ ਵਿੱਚ ਤਿੰਨ ਪੁਲਿਸ ਅਧਿਕਾਰੀਆਂ ਸਮੇਤ ਕੁੱਲ 12 ਵਿਅਕਤੀ ਜ਼ਖ਼ਮੀ ਹੋ ਗਏ ਸਨ। ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰ ਵਰ੍ਹਾਏ ਗਏ ਅਤੇ ਹਵਾ ਵਿੱਚ ਗੋਲੀਆਂ ਵੀ ਚਲਾਈਆਂ ਗਈਆਂ। ਸਥਿਤੀ ਨੂੰ ਕਾਬੂ ਹੇਠ ਕਰਨ ਲਈ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ ਸੀ। ਉੱਥੇ ਹੀ ਤਰਨਾ ਦਲ ਦੇ ਮੁਖੀ ਬਾਬਾ ਗੱਜਣ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਦਲ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਬਾਬਾ ਬਲਬੀਰ ਸਿੰਘ ਮੁੱਛਲ ਵੀ ਕੱਲ੍ਹ ਬਿਆਸ ਪਹੁੰਚੇ ਸਨ ਜਿੱਥੇ ਉਨ੍ਹਾਂ ਨਿਹੰਗਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਨਿਹੰਗਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: Mercedes 'ਚ ਡਿਪੂ ਤੋਂ ਰਾਸ਼ਨ ਲੈਣ ਪਹੁੰਚਿਆ ਸਖ਼ਸ਼, ਗੱਡੀ ਦਾ ਨੰਬਰ VIP, ਵੀਡੀਓ ਆਈ ਸਾਹਮਣੇ -PTC News