5 ਵਜੇ ਸ਼ੁਰੂ ਹੋਵੇਗਾ ਹਾਕੀ ਦਾ ਫਾਈਨਲ ਮੈਚ, ਜਲੰਧਰ ਦੇ ਮਨਪ੍ਰੀਤ ਸਿੰਘ ਹਨ ਟੀਮ ਦੇ ਕਪਤਾਨ
ਜਲੰਧਰ: ਬਰਮਿੰਘਮ 2022 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਕਾਮਨਵੈਲਥ ਖੇਡਾਂ ਵਿੱਚ 16 ਸਾਲ ਬਾਅਦ ਮੈਡਲ ਦਾ ਸੋਕਾ ਤੋੜਿਆ। ਮਹਿਲਾ ਹਾਕੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਨੇ ਨਿਊਜ਼ੀਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿੱਚ 2-1 ਨਾਲ ਹਰਾ ਕੇ ਇਹ ਜਿੱਤ ਹਾਸਿਲ ਕੀਤੀ। ਦੂਜੇ ਪਾਸੇ ਮਰਦਾਂ ਦੀ ਹਾਕੀ ਟੀਮ ਨੇ, ਸੈਮੀ ਫਾਈਨਲ ਵਿੱਚ ਸਾਊਥ ਅਫਰੀਕਾ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ। ਸੈਮੀ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਨੇ ਸਾਊਥ ਅਫਰੀਕਾ ਨੂੰ 3-2 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਅੱਜ ਭਾਰਤੀ ਮਰਦ ਹਾਕੀ ਟੀਮ ਦਾ ਫਾਈਨਲ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਯੂਕੇ ਦੇ ਸਮੇਂ ਮੁਤਾਬਕ ਸਾਢੇ ਬਾਰਾਂ ਵਜੇ ਅਤੇ ਭਾਰਤੀ ਸਮੇਂ ਮੁਤਾਬਕ ਸ਼ਾਮ ਪੰਜ ਵਜੇ ਭਾਰਤ ਅਤੇ ਆਸਟਰੇਲੀਆ ਦੀਆਂ ਟੀਮਾਂ ਗੋਲਡ ਮੈਡਲ ਲਈ ਭਿੜਦੀਆਂ ਨਜ਼ਰ ਆਉਣਗੀਆਂ। ਇੱਥੇ ਇਸ ਗੱਲ ਦਾ ਖਾਸ ਜ਼ਿਕਰ ਕਰਨਾ ਬਣਦਾ ਹੈ ਕਿ ਭਾਰਤੀ ਹਾਕੀ ਟੀਮ ਦੀ ਕਪਤਾਨੀ ਜਲੰਧਰ ਦੇ ਪਿੰਡ ਮਿੱਠਾਪੁਰ ਦੇ ਓਲੰਪੀਅਨ ਮਨਪ੍ਰੀਤ ਸਿੰਘ ਕਰ ਰਹੇ ਹਨ। ਮਿੱਠਾਪੁਰ ਦੇ ਹੀ ਵਰੁਣ ਅਤੇ ਮਨਦੀਪ ਸਿੰਘ ਵੀ ਕਾਮਨਵੈਲਥ ਖੇਡਾਂ 'ਚ ਭਾਰਤੀ ਟੀਮ ਦਾ ਹਿੱਸਾ ਹਨ। ਇਹ ਵੀ ਪੜ੍ਹੋ : ਪਹਿਲਾ SSLV ਮਿਸ਼ਨ ਰਿਹਾ ਅਸਫਲ , ਗਲਤ ਪੰਧ 'ਤੇ ਪੈਣ ਕਾਰਨ ਨਕਾਰਾ ਹੋਏ ਇਸਰੋ ਦੇ ਸੈਟੇਲਾਈਟ ਭਾਰਤੀ ਟੀਮ ਹੁਣ ਇਸ ਮੈਚ ਵਿੱਚ 17 ਖਿਡਾਰੀਆਂ ਨਾਲ ਉਤਰੇਗੀ। ਇਨ੍ਹਾਂ 17 ਖਿਡਾਰੀਆਂ ਵਿਚਾਲੇ ਰੋਟੇਸ਼ਨ ਹੋਵੇਗੀ ਅਤੇ ਇਕ ਸਮੇਂ 'ਚ 11 ਖਿਡਾਰੀ ਮੈਦਾਨ 'ਤੇ ਹੋਣਗੇ। ਦਰਅਸਲ ਭਾਰਤੀ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ 4 ਹਫ਼ਤਿਆਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਟੀਮ ਇੰਡੀਆ ਨੇ ਸੈਮੀਫਾਈਨਲ 'ਚ ਦੱਖਣੀ ਅਫਰੀਕਾ ਨੂੰ 3-2 ਨਾਲ ਹਰਾਇਆ। ਭਾਰਤੀ ਟੀਮ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਪਹੁੰਚੀ ਹੈ। ਆਸਟ੍ਰੇਲੀਆ ਨੇ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨੂੰ 3-2 ਨਾਲ ਹਰਾ ਕੇ ਫਾਈਨਲ ਲਈ ਟਿਕਟ ਬੁੱਕ ਕਰ ਲਈ। ਹਾਕੀ ਨੂੰ ਪਹਿਲੀ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਸਾਲ 1998 ਵਿੱਚ ਸ਼ਾਮਲ ਕੀਤਾ ਗਿਆ ਸੀ। ਸਾਲ 2010 ਅਤੇ 2014 'ਚ ਭਾਰਤੀ ਟੀਮ ਨੇ ਸੋਨ ਤਗਮੇ ਦੇ ਮੈਚ 'ਚ ਆਸਟ੍ਰੇਲੀਆ ਨੂੰ ਚੁਣੌਤੀ ਦਿੱਤੀ ਪਰ ਉਸ ਨੂੰ ਨਿਰਾਸ਼ ਹੋਣਾ ਪਿਆ ਸੀ। ਆਸਟਰੇਲੀਆ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਹੁਣ ਤੱਕ ਛੇ ਸੋਨ ਤਗਮੇ ਜਿੱਤੇ ਹਨ। (ਪਤਰਸ ਮਸੀਹ ਦੀ ਰਿਪੋਰਟ) -PTC News