ਕਦੋਂ ਜਾਗੋਗੇ ਕੈਪਟਨ ਸਾਬ੍ਹ ! ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਸੋਗ 'ਚ ਡੁੱਬਿਆ ਪਰਿਵਾਰ
ਕਦੋਂ ਜਾਗੋਗੇ ਕੈਪਟਨ ਸਾਬ੍ਹ ! ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਸੋਗ 'ਚ ਡੁੱਬਿਆ ਪਰਿਵਾਰ,ਫਿਰੋਜ਼ਪੁਰ: ਸੂਬੇ 'ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਰ ਜਾਰੀ ਹੈ। ਨਸ਼ੇ ਦੀ ਦਲਦਲ 'ਚ ਫਸ ਕੇ ਹੁਣ ਤੱਕ ਪੰਜਾਬ ਦੇ ਅਨੇਕਾਂ ਨੌਜਵਾਨ ਮੌਤ ਦੇ ਘਾਟ ਉੱਤਰ ਚੁੱਕੇ ਹਨ।ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਫ਼ਿਰੋਜ਼ਪੁਰ ਦੇ ਪਿੰਡ ਸੋਢੀਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਨਸ਼ੇ ਦੇ ਦੈਂਤ ਨੇ 20 ਸਾਲਾ ਨੌਜਵਾਨ ਨੂੰ ਨਿਗਲ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਨਸ਼ੇ ਦੀ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੁੱਖਾ ਵਾਸੀ ਸੋਢੀਨਗਰ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ ਹੈ।
ਹੋਰ ਪੜ੍ਹੋ:ਮੰਤਰੀ ਮੰਡਲ ਵੱਲੋਂ ਸ਼ਿਵਾਲਿਕ ਧੌਲਾਧਾਰ ਟੂਰਿਜ਼ਮ ਬੋਰਡ ਨੂੰ ਭੰਗ ਕਰਨ ਦੀ ਪ੍ਰਵਾਨਗੀ
ਆਪਣੇ ਨੌਜਵਾਨ ਲੜਕੇ ਦੀ ਹੋਈ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਜਿਥੇ ਪਰਿਵਾਰਕ ਮੈਂਬਰਾਂ ਨੇ ਸਾਰੇ ਹੀ ਪੰਜਾਬ ਦੇ ਨਸ਼ੇੜੀ ਹੋਣ ਵੱਲ ਵਧਦੇ ਕਦਮ ਦਾ ਜ਼ਿਕਰ ਕੀਤਾ, ਉਥੇ ਇਸ ਪਿਛੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਦੀ ਗੱਲ ਕਰਦਿਆਂ ਸਾਰਾ ਠੀਕਰਾ ਸੂਬਾ ਸਰਕਾਰ ਸਿਰ ਭੰਨਿਆ ਹੈ।
ਰੋਹ 'ਚ ਆਏ ਲੋਕਾਂ ਨੇ ਕਿਹਾ ਕਿ ਇਕ ਦਿਨ ਵਿਚ ਮਹਾਰਾਣੀ ਦੇ ਪੈਸੇ ਠੱਗਣ ਵਾਲੇ ਨੂੰ ਕਾਬੂ ਕਰਨ ਵਾਲੀ ਸੂਬਾ ਸਰਕਾਰ ਆਖਿਰ ਆਪਣੇ ਸੂਬੇ 'ਚ ਹੋ ਰਹੀ ਨਸ਼ੇ ਦੀ ਧੜੱਲੇਦਾਰ ਵਿਕਰੀ ’ਤੇ ਰੋਕ ਲਾਉਣ ਵਿਚ ਕਿਉਂ ਅਸਮਰਥ ਹੈ।
-PTC News