ਪੰਜਾਬ 'ਚ ਸਸਤੀ ਸ਼ਰਾਬ ਕਾਰਨ ਮੌਤਾਂ ਵੱਧਣ ਦਾ ਖ਼ਦਸ਼ਾ : ਅਮਨਜੋਤ ਰਾਮੂਵਾਲੀਆ
ਮੋਹਾਲੀ : ਭਾਜਪਾ ਦੀ ਤਰਜਮਾਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਭਾਅ ਘਟਾਉਣ ਦੇ ਫੈਸਲੇ ਦੀ ਸਖਤ ਨਿਖੇਧੀ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਸਸਤੀ ਸ਼ਰਾਬ ਨਿੱਤ ਮੌਤਾਂ ਦਾ ਕਾਰਨ ਬਣੇਗੀ। ਇਸ ਪੱਤਰਕਾਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤ ਪੰਜਾਬ ਦਾ ਵਾਅਦਾ ਕਰ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਪਰ ਹੁਣ ਉਹ 9647 ਕਰੋੜ ਰੁਪਏ ਵਸੂਲਣ ਲਈ ਪੰਜਾਬ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ। ਪੰਜਾਬ ਸਰਕਾਰ ਵੱਲੋਂ ਕੱਲ੍ਹ ਜਾਰੀ ਬਿਆਨ ਅਨੁਸਾਰ ਪੰਜਾਬ ਵਿੱਚ 6378 ਠੇਕੇ ਖੋਲ੍ਹੇ ਜਾਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਸਸਤੀ ਸ਼ਰਾਬ ਨਾਲ ਮਾਲੀਆ ਵਿੱਚ 40 ਫੀਸਦੀ ਵਾਧਾ ਹੋਵੇਗਾ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸ਼ਰਾਬ ਦੀ ਵਿਕਰੀ 2-3 ਗੁਣਾ ਵੱਧ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 180 ਮਿਲੀਲੀਟਰ ਦੇ ਪੈਕਟਾਂ ਵਿੱਚ ਵੀ ਸ਼ਰਾਬ ਵੇਚਦੀ ਹੈ ਤਾਂ ਵਿਦਿਆਰਥੀ ਵੀ ਇਸ ਦਾ ਸ਼ਿਕਾਰ ਹੋਣਗੇ। ਪੰਜਾਬ ਸਰਕਾਰ ਸ਼ਰਾਬ ਦੇ ਮਾਰੂ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਕੁਝ ਅੰਕੜੇ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ 23 ਸਤੰਬਰ 2018 ਦੀ WHO ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਸਾਲ 260,000 ਲੋਕ ਸ਼ਰਾਬ ਕਾਰਨ ਮਰਦੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੀ 2013 ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਹਰ ਰੋਜ਼ 15 ਲੋਕ ਸ਼ਰਾਬ ਕਾਰਨ ਮਰਦੇ ਹਨ ਤੇ ਹਰ 96 ਮਿੰਟਾਂ ਵਿੱਚ ਇੱਕ ਮੌਤ ਸ਼ਰਾਬ ਕਾਰਨ ਹੁੰਦੀ ਹੈ। 2016 ਵਿੱਚ 92,878 ਲੋਕਾਂ ਦੀ ਮੌਤ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਕਾਰਨ ਹੋਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਨ੍ਹਾਂ ਸਾਰੇ ਰਿਕਾਰਡਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਫੀਮ, ਭੁੱਕੀ ਤੇ ਹੈਰੋਇਨ ਵਰਗੇ ਨਸ਼ੇ ਸ਼ਰਾਬ ਤੋਂ ਸ਼ੁਰੂ ਹੁੰਦੇ ਹਨ। ਉਸ ਨੇ ਦਾਅਵਾ ਕੀਤਾ ਕਿ ਕਦੇ ਵੀ ਕਿਸੇ ਨੇ ਹੀਰੋਇਨ ਨੂੰ ਸਿੱਧੇ ਤੌਰ 'ਤੇ ਨਸ਼ਾ ਨਹੀਂ ਕੀਤਾ। ਜਿਹੜਾ ਅੱਜ ਸ਼ਰਾਬ ਪੀਂਦਾ ਹੈ ਉਹ ਕੱਲ੍ਹ ਨੂੰ ਡਰੱਗ ਦਾ ਨਸ਼ਾ ਵੀ ਲਵੇਗਾ। ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਤੇ ਆਪਣਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ। ਜੇ ਸਰਕਾਰ ਸ਼ਰਾਬ ਦੀ ਵਿਕਰੀ ਵਿੱਚ 2-3 ਗੁਣਾ ਵਾਧਾ ਕਰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਨਸ਼ਿਆਂ ਕਾਰਨ ਰੋਜ਼ਾਨਾ 2-3 ਮੌਤਾਂ ਹੋਣਗੀਆਂ। ਇਹ ਵੀ ਪੜ੍ਹੋ : ਟੁੱਥਪਿਕ ਆਰਟਿਸਟ ਨੇ ਸਿੱਧੂ ਮੂਸੇਵਾਲਾ ਨੂੰ ਵਿਲੱਖਣ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ