ਬਠਿੰਡਾ 'ਚ 'ਸੁੰਦਰਤਾ ਮੁਕਾਬਲੇ' ਦੇ ਲੱਗੇ ਪੋਸਟਰਾਂ ਦੇ ਮਾਮਲੇ 'ਚ ਪਿਓ-ਪੁੱਤ ਗ੍ਰਿਫ਼ਤਾਰ
ਬਠਿੰਡਾ : ਬਠਿੰਡਾ ਵਿਚ ਜਨਰਲ ਕੈਟੇਗਿਰੀ ਦੀਆਂ ਲੜਕੀਆਂ ਲਈ ਲੱਗੇ ਸੁੰਦਰਤਾ ਮੁਕਾਬਲੇ 'ਚ ਅੱਵਲ ਰਹਿਣ ਵਾਲੀ ਕੁੜੀ ਨੂੰ ਵਿਦੇਸ਼ ਦੇ ਮੁੰਡੇ ਨਾਲ ਵਿਆਹ ਦੀ ਪੇਸ਼ਕਸ਼ ਕਰਨ ਵਾਲੇ ਪਿਉ-ਪੁੱਤਰ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਸੁੰਦਰ ਕੁੜੀਆਂ ਦੇ ਮੁਕਾਬਲੇ ਸਬੰਧੀ ਲੱਗੇ ਪੋਸਟਰਾਂ ਮਗਰੋਂ ਪੁਲਿਸ ਨੇ ਕੇਸ ਦਰਜ ਕਰਨ ਪਿਛੋਂ ਪ੍ਰੋਗਰਾਮ ਦੇ ਪ੍ਰਬੰਧਕ ਪਿਓ-ਪੁੱਤ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਇਨ੍ਹਾਂ ਪੋਸਟਰਾਂ ਦੀ ਵੱਡੀ ਗਿਣਤੀ 'ਚ ਲੋਕਾਂ ਨੇ ਨਿਖੇਧੀ ਕੀਤੀ। ਕਾਬਿਲੇਗੌਰ ਹੈ ਕਿ ਪੋਸਟਰਾਂ 'ਚ ਮੋਟੇ ਅੱਖਰਾਂ ਵਿਚ ਸੁੰਦਰ ਕੁੜੀਆਂ ਦਾ ਮੁਕਾਬਲਾ ਲਿਖਿਆ ਗਿਆ ਸੀ। ਉਸ ਦੇ ਹੇਠਾਂ ਲਿਖਿਆ ਗਿਆ ਸੀ ਕਿ ਹੋਟਲ ਸਵੀਟ ਮਿਲਨ ਬਠਿੰਡਾ ਵਿਚ 23 ਅਕਤੂਬਰ ਨੂੰ 12 ਤੋਂ 2 ਵਜੇ ਤਕ ਜਨਰਲ ਕੈਟੇਗਿਰੀ ਦੀਆਂ ਸੁੰਦਰ ਕੁੜੀਆਂ ਦਾ ਮੁਕਾਬਲਾ ਰੱਖਿਆ ਗਿਆ ਹੈ। ਮੁਕਾਬਲਾ ਜਿੱਤਣ ਵਾਲੀ ਜਨਰਲ ਕੈਟੇਗਿਰੀ ਦੀ ਕੁੜੀ ਨੂੰ ਕੈਨੇਡਾ ਐਨਆਰਆਈ ਜਨਰਲ ਕੈਟੇਗਿਰੀ ਪੱਕੇ ਮੁੰਡੇ ਨਾਲ ਪੱਕੇ ਵਿਆਹ ਦੀ ਪੇਸ਼ਕਸ਼ ਦਿੱਤੀ ਜਾਵੇਗੀ। ਇਸ ਪੋਸਟਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਪਿਛੋਂ ਜਿਥੇ ਪੁਲਿਸ ਨੇ ਘੋਖ ਸ਼ੁਰੂ ਕਰ ਦਿੱਤੀ ਤੇ ਹੋਟਲ ਸਵੀਟ ਮਿਲਣ ਦੇ ਮਾਲਕ ਜਗਦੀਸ਼ ਗਰੋਵਰ ਨੇ ਖੁਦ ਪੁਲਿਸ ਕੋਲ ਪੁੱਜ ਕਰ ਕੇ ਅਜਿਹਾ ਪ੍ਰੋਗਰਾਮ ਕਰਨ ਵਾਲੇ ਪ੍ਰਬੰਧਕ ਪਿਉ-ਪੁੱਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਉਸ ਦੇ ਹੋਟਲ ਦਾ ਇਸ ਮਸਲੇ ਨਾਲ ਕੋਈ ਵੀ ਸਬੰਧ ਨਹੀਂ ਹੈ। ਉਕਤ ਪਿਉ-ਪੁੱਤ ਨੇ ਪੋਸਟਰਾਂ 'ਚ ਹੋਟਲ ਦਾ ਨਾਂ ਬਿਨਾਂ ਪੁੱਛੇ ਲਿਖ ਕੇ ਧੋਖਾਦੇਹੀ ਕੀਤੀ ਹੈ। ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਨੂੰ ਪਾਕਿਸਤਾਨ ਤੋਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਥਾਣਾ ਕੋਤਵਾਲੀ ਪੁਲਿਸ ਨੇ ਸੁਰਿੰਦਰ ਸਿੰਘ ਤੇ ਉਸ ਦੇ ਪਿਤਾ ਰਾਮ ਦਿਆਲ ਸਿੰਘ ਜੌੜਾ ਖ਼ਿਲਾਫ਼ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਰਾਮ ਦਿਆਲ ਸਿੰਘ ਜੌੜਾ ਦਾ ਪੁੱਤਰ ਕੈਨੇਡਾ ਵਿਖੇ ਪੱਕਾ ਹੈ ਤੇ ਉਸ ਦੇ ਵਿਆਹ ਲਈ ਉਹ ਕਿਸੇ ਸੁੰਦਰ ਕੁੜੀ ਦੀ ਭਾਲ 'ਚ ਸਨ। ਇਸ ਮਕਸਦ ਲਈ ਇਹ ਪ੍ਰੋਗਰਾਮ ਰੱਖਿਆ ਗਿਆ ਸੀ। -PTC News