ਸਬਸਿਡੀ ਵਾਲਾ ਬੀਜ ਤੇ ਡੀਏਪੀ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ
ਬਠਿੰਡਾ : ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਉਣ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਸਬ ਡਵੀਜ਼ਨ ਤਲਵੰਡੀ ਸਾਬੋ ਵਿਖੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਸਬਸਿਡੀ ਵਾਲਾ ਬੀਜ ਨਾ ਮਿਲਣ ਕਾਰਨ ਕਿਸਾਨ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ। ਜਦੋਂ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਬੀਜ ਦੀ ਮੰਗ ਜ਼ਿਆਦਾ ਵਧਣ ਕਰਕੇ ਮੁਸ਼ਕਲ ਆਉਣ ਦੀ ਗੱਲ ਕਰ ਰਹੇ ਹਨ। ਝੋਨੇ ਤੇ ਨਰਮੇ ਦੀ ਫ਼ਸਲ ਤੋਂ ਬਾਅਦ ਹੁਣ ਕਿਸਾਨ ਕਣਕ ਦੀ ਬਿਜਾਈ ਕਰਨ ਲਈ ਤਿਆਰ ਬੈਠੇ ਹਨ ਜਿਸ ਲਈ ਕਿਸਾਨਾਂ ਵੱਲੋਂ ਆਪਣੇ ਖੇਤ ਤਿਆਰ ਕੀਤੇ ਜਾ ਰਹੇ ਹਨ ਪਰ ਕਿਸਾਨਾਂ ਨੂੰ ਨਾ ਹੀ ਤਾਂ ਡੀਏਪੀ ਮਿਲ ਰਹੀ ਹੈ ਤੇ ਨਾ ਹੀ ਹੁਣ ਪੰਜਾਬ ਸਰਕਾਰ ਵੱਲੋਂ ਸਬਸਿਡੀ ਉਤੇ ਦਿੱਤੇ ਜਾਣ ਵਾਲੇ ਬੀਜ ਮਿਲ ਰਹੇ ਹਨ। ਤਲਵੰਡੀ ਸਾਬੋ ਖੇਤੀਬਾੜੀ ਦਫ਼ਤਰ ਪੁੱਜੇ ਕਿਸਾਨ ਖੱਜਲ-ਖੁਆਰ ਹੋ ਰਹੇ ਹਨ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਉਨ੍ਹਾਂ ਨੂੰ ਪਰਮਿਟ ਕੱਟ ਕੇ ਦੇ ਦਿੱਤਾ ਪਰ ਜਦੋਂ ਉਹ ਦੁਕਾਨਾਂ ਜਾਂ ਸਟੋਰਾਂ ਉਤੇ ਕਣਕ ਦਾ 303 ਬੀਜ ਲੈਣ ਪੁੱਜੇ ਤਾਂ ਉਨ੍ਹਾਂ ਨੂੰ ਵੀ ਨਹੀਂ ਮਿਲ ਰਿਹਾ। ਕਿਸਾਨਾਂ ਨੇ ਦੱਸਿਆ ਕਿ ਡੀਏਪੀ ਲੈਣ ਲਈ ਵੀ ਕਿਸਾਨ ਹਰਿਆਣਾ ਵੱਲ ਜਾ ਰਹੇ ਹਨ। ਇਥੇ ਡੀਏਪੀ ਵੀ ਨਹੀਂ ਮਿਲ ਰਿਹਾ ਜੇ ਮਿਲ ਰਿਹਾ ਹੈ ਤਾਂ ਉਨ੍ਹਾਂ ਨੂੰ ਨਾਲ ਸਮਾਨ ਦਿੱਤਾ ਜਾ ਰਿਹਾ ਹੈ। ਇਹ ਵੀ ਪੜ੍ਹੋ : ਡੇਰਾ ਸਿਰਸਾ ਮੁਖੀ ਖ਼ਿਲਾਫ਼ ਬੋਲਣ ਤੋਂ ਮਨੀਸ਼ਾ ਗੁਲਾਟੀ ਨੇ ਕੀਤਾ ਇਨਕਾਰ ਕਿਸਾਨਾਂ ਨੇ ਸਰਕਾਰ ਵੱਲੋਂ ਸਬਸਿਡੀ ਦੇ ਬੀਜ ਦੇਣ ਨੂੰ ਡਰਾਮਾ ਦੱਸਦੇ ਕਿਹਾ ਕਿ ਉਹੀ ਭਾਅ ਬਾਜ਼ਾਰ 'ਚ ਬੀਜ ਮਿਲ ਜਾਂਦਾ ਹੈ ਜਿਸ ਭਾਅ 'ਚ ਸਰਕਾਰ ਬੀਜ ਦੇਣ ਲਈ ਪਰੇਸ਼ਾਨ ਕਰ ਰਹੀ ਹੈ। ਉਧਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਬੀਜ ਲੈਣ 'ਚ ਮੁਸ਼ਕਲ ਆਉਣ ਦੀ ਗੱਲ ਮੰਨਦੇ ਕਿਹਾ ਕਿ ਪਹਿਲਾ ਨਾਲੋਂ ਜ਼ਿਆਦਾ ਬੀਜ ਦੀ ਮੰਗ ਹੋਣ ਕਰਕੇ ਮੁਸ਼ਕਲ ਆ ਰਹੀ ਹੈ ਜਿਸ ਸਬੰਧੀ ਉਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। -PTC News