ਨਰਮੇ ਮਗਰੋਂ ਗੁਆਰੇ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਪਰੇਸ਼ਾਨ
ਬਠਿੰਡਾ : ਮਾਲਵੇ ਅੰਦਰ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਕਰਕੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਵਾਹੁਣ ਤੋਂ ਬਾਅਦ ਹੁਣ ਕਿਸਾਨ ਗੁਆਰੇ ਦੀ ਫ਼ਸਲ ਵੀ ਵਾਹੁਣ ਲਈ ਤਿਆਰ ਬੈਠੇ ਹਨ, ਕਿਉਂਕਿ ਇਸ ਵਾਰ ਗੁਆਰੇ ਦੀ ਫ਼ਸਲ ਤੋਂ ਕਿਸਾਨਾਂ ਨੂੰ ਕਾਫੀ ਉਮੀਦਾਂ ਸਨ ਪਰ ਉਸ 'ਚੋਂ ਵੀ ਝਾੜ ਨਾ ਨਿਕਲਣ ਕਰਕੇ ਕਿਸਾਨ ਪਰੇਸ਼ਾਨੀ ਦੇ ਆਲਮ ਵਿੱਚ ਹਨ। ਪਿਛਲੇ ਦੋ ਸਾਲਾਂ ਤੋਂ ਕਿਸਾਨਾਂ ਦੀਆਂ ਫ਼ਸਲ ਨਾ ਹੋਣ ਕਰਕੇ ਕਿਸਾਨ ਹੋਰ ਕਰਜ਼ੇ ਦੇ ਬੋਝ ਹੇਠ ਦੱਬ ਰਹੇ ਹਨ ਤੇ ਕਿਸਾਨ ਸਰਕਾਰਾਂ ਵੱਲੋਂ ਵੀ ਕੋਈ ਮਦਦ ਨਾ ਮਿਲਣ ਕਰਕੇ ਹੁਣ ਆਖਰੀ ਰਾਹ ਆਤਮ ਹੱਤਿਆ ਹੀ ਦੱਸ ਰਹੇ ਹਨ।
ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਲਵੇ ਅੰਦਰ ਕਿਸਾਨਾਂ ਦਾ ਚਿੱਟਾ ਸੋਨਾ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਨੇ ਤਬਾਹ ਦਿੱਤੀ ਪਰ ਕਿਸਾਨਾਂ ਨੂੰ ਇਸ ਵਾਰ ਗੁਆਰੇ ਦੀ ਫ਼ਸਲ ਤੋਂ ਉਮੀਦ ਸੀ ਕਿ ਚੰਗੀ ਫ਼ਸਲ ਹੋਣ ਦੇ ਨਾਲ ਚੰਗਾ ਭਾਅ ਵੀ ਮਿਲੇਗਾ। ਭਾਵੇਂ ਕਿ ਗੁਆਰੇ ਦੀ ਫ਼ਸਲ ਦੇਖ ਨੂੰ ਚੰਗੀ ਲੱਗਦੀ ਹੈ ਪਰ ਉਸ ਦੀਆਂ ਫਲੀਆਂ 'ਚ ਫ਼ਸਲ ਜਾਂ ਦਾਣਾ ਨਹੀ ਹੈ, ਜਿਸ ਕਰਕੇ ਨਰਮੇ ਤੋ ਬਾਅਦ ਹੁਣ ਕਿਸਾਨ ਗੁਆਰੇ ਦੀ ਫ਼ਸਲ ਵੀ ਵਾਹੁਣ ਲਈ ਤਿਆਰ ਬੈਠੇ ਹਨ ਤੇ ਸਰਕਾਰ ਤੋਂ ਮੁਆਵਜ਼ੇ ਦੀ ਆਸ ਲਗਾ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਟੇਲ ਉਤੇ ਪੈਣ ਕਰਕੇ ਤੇ ਸਰਕਾਰ ਵੱਲੋਂ ਪਾਣੀ ਦੀ ਬਚਤ ਦੀ ਕੀਤੀ ਅਪੀਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਗੁਆਰੇ ਦੀ ਫ਼ਸਲ ਲਗਾਈ ਸੀ।
ਇਹ ਵੀ ਪੜ੍ਹੋ : ਡਾਕਟਰਾਂ ਨੇ 'ਆਪ' ਵਿਧਾਇਕ ਦੇ ਭਰਾ ਖ਼ਿਲਾਫ਼ ਖੋਲ੍ਹਿਆ ਮੋਰਚਾ, ਪੁਲਿਸ ਨੂੰ ਦਿੱਤਾ ਅਲਟੀਮੇਟਮ
ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਚੰਗੇ ਕੁਆਲਟੀ ਦੇ ਬੀਜ ਲਿਆਂਦੇ ਸਨ ਤੇ ਮਿਹਨਤ ਵੀ ਕੀਤੀ ਜਿਸ ਕਰਕੇ ਦੋ ਮਹੀਨੇ ਗੁਆਰੇ ਦੀ ਫ਼ਸਲ ਚੰਗੀ ਸੀ, ਜਿਸ ਕਰਕੇ ਚੰਗੀਆਂ ਸਪਰੇਆਂ ਵੀ ਕੀਤੀਆਂ ਸਨ। ਕਿਸਾਨਾਂ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਦੀ ਜਗ੍ਹਾ ਗੁਆਰਾ ਲਗਾਇਆ ਸੀ। ਕਿਸਾਨ ਫ਼ਸਲ ਦਾ ਨੁਕਸਾਨ ਹੋਣ ਦਾ ਕਾਰਨ ਚਿੱਟਾ ਮੱਛਰ ਹੀ ਦੱਸਦੇ ਹਨ ਜਦੋਂਕਿ ਖੇਤੀਬਾੜੀ ਵਿਭਾਗ ਨੇ ਵੀ ਦੌਰਾ ਕਰਕੇ ਫ਼ਸਲ ਖ਼ਤਮ ਹੋਣ ਦੀ ਗੱਲ ਹੀ ਕੀਤੀ। ਕਿਸਾਨ ਨੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕੋਲ ਦੋ ਹੀ ਹੱਲ ਹਨ ਜਾਂ ਤਾਂ ਕਿਸਾਨ ਯੂਨੀਅਨ ਨਾਲ ਸੰਘਰਸ਼ ਫਿਰ ਰੱਸਾ ਦੇ ਸਪਰੇਅ ਨਾਲ ਆਤਮ ਹੱਤਿਆ।
-PTC News