ਸਰਕਾਰ ਵੱਲੋਂ ਧੱਕੇ ਨਾਲ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੇ ਵਿਰੋਧ 'ਚ ਇਕੱਠੇ ਹੋਏ ਕਿਸਾਨ
ਚੰਡੀਗੜ੍ਹ : ਮੋਹਾਲੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਪਣੀਆਂ ਜ਼ਮੀਨਾਂ ਉਤੇ ਸਰਕਾਰ ਵੱਲੋਂ ਜ਼ਬਰੀ ਕਬਜ਼ਾ ਛੁਡਵਾਉਣ ਦੇ ਵਿਰੋਧ ਵਿੱਚ ਸੈਂਕੜੇ ਕਿਸਾਨ ਇਕੱਠੇ ਹੋਏ। ਸਰਕਾਰ ਵੱਲੋਂ ਜ਼ਮੀਨਾਂ ਉਤੇ ਕਬਜ਼ੇ ਛੁਡਾਏ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਨੇ ਕਿਹਾ ਕਈ ਦਹਾਕਿਆਂ ਤੋਂ ਅਸੀਂ ਮਿਹਨਤ ਕਰ ਕੇ ਟਿੱਬੇ ਤੇ ਜੰਗਲਾਂ ਨੂੰ ਸਾਫ ਕਰ ਕੇ ਉਪਜਾਉ ਜ਼ਮੀਨ ਬਣਾਈ ਅਤੇ ਹੁਣ ਸਰਕਾਰ ਧੱਕੇ ਨਾਲ ਸਾਡੀ ਜ਼ਮੀਨ ਖੋਹ ਰਹੀ ਹੈ। ਸੰਯੁਕਤ ਸਮਾਜ ਮੋਰਚੇ ਵੱਲੋਂ ਸਾਰੇ ਪੰਜਾਬ ਤੋਂ ਕਿਸਾਨਾਂ ਨੂੰ ਬੁਲਾਇਆ ਗਿਆ ਸੀ। ਇਸ ਕਾਰਨ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਹਨ। ਕਿਸਾਨਾਂ ਨੇ ਐਲਾਨ ਕੀਤਾ ਕਿ ਜ਼ਮੀਨਾਂ ਬਚਾਉਣ ਲਈ ਕਾਨੂੰਨੀ ਲੜਾਈ ਲੜੀ ਜਾਵੇਗੀ। ਕਿਸਾਨ ਨੇ ਕਿਹਾ ਕਿ ਅਸੀਂ ਬਦਲਾਅ ਲਈ ਸਰਕਾਰ ਚੁਣੀ ਸੀ ਪਰ ਸਰਕਾਰ ਸਾਡਾ ਰੁਜ਼ਗਾਰ ਸਾਡੇ ਕੋਲੋਂ ਖੋਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬੇਰੁਜ਼ਗਾਰ ਕਰਨ ਉਤੇ ਤੁਲੀ ਹੋਈ ਹੈ। ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਲੰਮਾ ਸੰਘਰਸ਼ ਵਿੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜ਼ਮੀਨਾਂ ਉਤੇ ਕੀਤੇ ਗਏ ਨਾਜ਼ਾਇਜ਼ ਕਬਜ਼ੇ ਤੇ ਪਿੰਡਾਂ ਵਿੱਚ ਸ਼ਾਮਲਾਟਾਂ ਉਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਛੇਤੀ ਜ਼ਮੀਨਾਂ ਉਤੇ ਨਾਜ਼ਾਇਜ਼ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਚਾਇਤ ਮੰਤਰੀ ਨੇ ਇਸ ਮੁਹਿੰਮ ਤੇਜ਼ੀ ਲਿਆਉਣ ਦਾ ਦਾਅਵਾ ਕੀਤਾ ਹੈ। ਪੰਚਾਇਤ ਮੰਤਰੀ ਖੁਦ ਜਾ ਕੇ ਜ਼ਮੀਨਾਂ ਉਤੋਂ ਨਾਜਾਇਜ਼ ਕਬਜ਼ੇ ਛੁਡਾ ਰਹੇ ਹਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਕਿਤੇ ਵੀ ਕਿਸੇ ਨਾਲ ਧੱਕਾ ਨਹੀਂ ਹੋ ਰਿਹਾ। ਕੱਲ੍ਹ ਕਿਸਾਨ ਜਥੇਬੰਦੀਆਂ ਨਾਲ ਚੰਡੀਗੜ੍ਹ ਮੀਟਿੰਗ ਕੀਤੀ ਜਾਵੇਗੀ। ਕਿਸਾਨ ਜਥੇਬੰਦੀਆਂ ਦੇ ਜੋ ਵੀ ਅਸ਼ੰਕੇ ਹੋਣਗੇ ਉਹ ਕੀਤੇ ਜਾਣਗੇ ਦੂਰ। ਪੰਚਾਇਤੀ ਰਾਜ ਦੀਆਂ ਜਿੰਨੀਆਂ ਵੀ ਸ਼ਾਮਲਾਟ ਜ਼ਮੀਨਾਂ ਨੇ ਜਦੋਂ ਤਕ ਉਹ ਛੁਡਵਾ ਕੇ ਸਰਕਾਰ ਨੂੰ ਨਹੀਂ ਦਿੰਦੇ ਉਨੀ ਦੇਰ ਇਹ ਮੁਹਿੰਮ ਤਰ੍ਹਾਂ ਜਾਰੀ ਰਹੇਗੀ। ਕਿਸਾਨ ਜਥੇਬੰਦੀਆਂ ਦੀ ਮੰਗ ਦਰਿਆਵਾਂ ਕੰਢੇ ਕਿਸਾਨਾਂ ਵੱਲੋਂ ਆਬਾਦ ਕੀਤੀ ਜ਼ਮੀਨ ਨੂੰ ਲੈ ਕੇ ਵੱਖਰਾ ਰੂਲ ਤੈਅ ਕੀਤਾ ਜਾਵੇ। ਉਸ ਨੂੰ ਲੈ ਕੇ ਵੀ ਮੀਟਿੰਗ ਕੀਤੀ ਜਾਵੇਗੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਲੋਕਾਂ ਨੂੰ ਮਿਲਣ ਪਹੁੰਚੇ ਸਨ। ਇਹ ਵੀ ਪੜ੍ਹੋ : ਬੋਰਵੈੱਲ 'ਚ ਡਿੱਗਿਆ 6 ਸਾਲ ਦਾ ਮਾਸੂਮ, 90 ਤੋਂ 95 ਫੁੱਟ ਹੇਠਾਂ ਫਸਿਆ