ਜ਼ਹਿਰੀਲੇ ਪਾਣੀ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਨੇ ਨੰਗੇ ਧੜ ਹੋ ਕੇ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੱਲਾ ਅੰਮ੍ਰਿਤਸਰ ਸਮੇਤ 11 ਥਾਵਾਂ ਉਤੇ ਚੱਲ ਰਿਹਾ ਮੋਰਚਾ ਚੌਥੇ ਦਿਨ ਵਿੱਚ ਦਾਖ਼ਲ ਹੋ ਗਿਆ। ਅੱਜ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰਾਂ ਖਿਲਾਫ ਨੰਗੇ ਧੜ ਹੋ ਕੇ ਪ੍ਰਦਰਸ਼ਨ ਕਰ ਕੇ ਰੋਹ ਦਾ ਪ੍ਰਗਟਾਵਾ ਕੀਤਾ। ਕਾਰਪੋਰੇਟ ਵੱਲੋਂ ਪਾਣੀਆਂ ਉਤੇ ਹਮਲੇ ਦੇ ਵਿਰੁੱਧ ਲੱਗੇ ਇਸ ਮੋਰਚੇ ਵਿਚ ਬੀਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਧਰਨਾਕਾਰੀ ਕਿਸਾਨਾਂ ਮਜ਼ਦੂਰਾਂ ਨੇ ਅਹਿਦ ਕੀਤਾ ਕਿ ਵਿਸ਼ਵ ਬੈਂਕ ਦੀਆਂ ਪਾਣੀਆਂ ਉਤੇ ਕਬਜ਼ੇ ਕਰਨ ਦੀਆਂ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਕਿਸੇ ਵੀ ਕੀਮਤ ਉਤੇ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੇ ਪੰਜਾਬ ਦੇ ਦਰਿਆਈ ਪਾਣੀ ਲੋਕਾਂ ਨੂੰ ਮੁੱਲ ਨਹੀਂ ਵੇਚੇ ਜਾਣ ਦੇਵਾਂਗੇ। ਇਸ ਸਮੇਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਫੈਕਟਰੀਆਂ ਲਗਾਤਾਰ ਜ਼ਹਿਰੀਲਾ ਪਾਣੀ ਧਰਤੀ ਹੇਠ ਤੇ ਬਰਸਾਤੀ ਨਾਲਿਆਂ ਵਿਚ ਪਾ ਕੇ ਧਰਤੀ ਹੇਠਲੇ ਪਾਣੀਆਂ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਸਰਕਾਰਾਂ ਕਾਰਪੋਰੇਟ ਦੇ ਦਬਾਅ ਹੇਠ ਮੂਕ ਦਰਸ਼ਕ ਬਣ ਕੇ ਖੜ੍ਹੀਆਂ ਹਨ। ਆਮ ਜਨਤਾ ਜ਼ਹਿਰੀਲੇ ਪਾਣੀ ਨਾਲ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਸਾਫ ਪਾਣੀ ਮੁਹੱਈਆ ਕਰਵਾਉਣ ਦੀ ਆੜ ਹੇਠ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਵਾਰ ਪਾਣੀਆਂ ਦਾ ਕੰਟਰੋਲ ਨਿੱਜੀ ਹੱਥਾਂ ਵਿੱਚ ਆਉਣ ਤੋਂ ਬਾਅਦ ਪ੍ਰਾਈਵੇਟ ਸਕੂਲਾਂ, ਹਸਪਤਾਲਾਂ, ਬੱਸਾਂ , ਬਿਜਲੀ ਆਦਿ ਦੀ ਤਰਜ਼ ਉਤੇ ਆਮ ਜਨਤਾ ਦੀ ਲੁੱਟ ਨਿਸ਼ਚਿਤ ਹੈ। ਇਸ ਮੌਕੇ ਜ਼ਿਲ੍ਹਾ ਆਗੂ ਗੁਰਲਾਲ ਸਿੰਘ ਮਾਨ, ਬਲਦੇਵ ਸਿੰਘ ਬੱਗਾ, ਕੰਵਰਦਲੀਪ ਸੈਦੋਲੇਹਲ ਨੇ ਧਰਤੀ ਹੇਠਲੇ ਪਾਣੀ ਨੂੰ ਉਚਾ ਚੁੱਕਣ ਲਈ ਸਰਕਾਰ ਕੋਲ ਅੱਜ ਦੀ ਤਰੀਕ ਤੱਕ ਕੋਈ ਪਾਲਿਸੀ ਨਹੀਂ ਹੈ। ਆਮ ਜਨਤਾ ਨੂੰ ਅਪੀਲ ਕੀਤੀ ਕਿ ਪਾਣੀ ਹਰ ਵਰਗ ਦੀ ਜ਼ਰੂਰਤ ਹੈ ਸੋ ਸਾਰੇ ਵਰਗਾਂ ਨੂੰ ਚਾਹੀਦਾ ਕਿ ਉਹ ਇਸ ਲੜਾਈ ਵਿਚ ਜਥੇਬੰਦੀਆਂ ਦਾ ਸਾਥ ਦੇਣ ਕਿਉਂਕਿ ਪਾਣੀ ਸਾਰੇ ਮਨੁੱਖਾਂ ਦੀ ਜ਼ਰੂਰਤ ਹੈ। ਇਸ ਮੌਕੇ ਕੰਧਾਰਾ ਸਿੰਘ ਭੋਏਵਾਲ, ਗੁਰਭੇਜ ਸਿੰਘ ਝੰਡੇ, ਟੇਕ ਸਿੰਘ ਝੰਡੇ, ਮੇਜਰ ਸਿੰਘ ਅਬਦਾਲ, ਕਿਰਪਾਲ ਸਿੰਘ ਕਲੇਰ ਮਾਂਗਟ, ਗੁਰਦੀਪ ਸਿੰਘ ਲਾਟੀ ਹਮਜ਼ਾ, ਗੁਰਤੇਜ ਸਿੰਘ ਜਠੌਲ, ਮੁਖਤਾਰ ਸਿੰਘ ਭੰਗਵਾਂ, ਸੁਖਦੇਵ ਸਿੰਘ ਕਾਜ਼ੀਕੋਟ, ਬਲਵਿੰਦਰ ਸਿੰਘ ਕਲੇਰ ਬਾਲਾ ਕੁਲਵੰਤ ਸਿੰਘ ਰਾਜੇਤਾਲ, ਬੀਬੀ ਰੁਪਿੰਦਰ ਕੌਰ ਅਬਦਾਲ, ਮਨਰਾਜ ਮਨੀ ਵੱਲ੍ਹਾ, ਰਵਿੰਦਰ ਸਿੰਘ ਵੱਲ੍ਹਾ, ਮਨਜੀਤ ਕੌਰ ਵੱਲ੍ਹਾ, ਗੁਰਜੀਤ ਕੌਰ ਕੋਟਲਾ ਸੁਲਤਾਨ ਸਿੰਘ ਆਦਿ ਆਗੂ ਹਾਜ਼ਰ ਸਨ। ਇਹ ਵੀ ਪੜ੍ਹੋ : ਅਮਨ ਅਰੋੜਾ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਮੈਦਾਨ 'ਚ ਉਤਰਨ ਲਈ ਤਿਆਰ