ਆਰਪਾਰ ਦੀ ਲੜਾਈ ਲੜਨ ਦੇ ਰੋਹ 'ਚ ਕਿਸਾਨ, ਫਗਵਾੜਾ ਬਣੇਗਾ ਸਿੰਘੂ ਬਾਰਡਰ
ਫਗਵਾੜਾ : ਗੰਨਾ ਕਾਸ਼ਤਕਾਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੇ ਗਏ ਘੋਲ ਦੌਰਾਨ ਕਿਸਾਨ ਆਰਪਾਰ ਦੀ ਲੜਾਈ ਲੜਨ ਦੇ ਰੋਹ ਵਿੱਚ ਨਜ਼ਰ ਆ ਰਹੇ ਹਨ। ਇਸ ਦੌਰਾਨ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਕਿਸਾਨ ਆਰਪਾਰ ਦੀ ਲੜਾਈ ਲੜਨ ਲਈ ਤਿਆਰ-ਬਰ-ਤਿਆਰ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਫਗਵਾੜਾ ਨੂੰ ਦਿੱਲੀ ਵਾਂਗ ਸਿੰਘੂ ਬਾਰਡਰ ਬਣਾਇਆ ਜਾਵੇਗਾ ਅਤੇ ਮੰਗਾਂ ਨਾ ਮੰਨੇ ਜਾਣ ਉਤੇ ਇਥੇ ਪੱਕੇ ਡੇਰੇ ਲਗਾਏ ਜਾਣਗੇ। ਫਗਵਾੜਾ ਦੇ ਸ਼ੂਗਰ ਮਿੱਲ ਮਾਲਕਾਂ ਵੱਲੋਂ ਗੰਨੇ ਦੀ 72 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਕਾਰਨ ਕਿਸਾਨਾਂ ਵੱਲੋਂ ਸ਼ੂਗਰ ਮਿੱਲ ਚੌਕ ਪੁਲ 'ਤੇ ਅਰਦਾਸ ਬੇਨਤੀਆਂ ਤੋਂ ਬਾਅਦ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਕੌਮੀ ਰਾਜ ਮਾਰਗ ਦੀਆਂ ਦੋਵੇਂ ਸਾਈਡਾਂ ਦੇ ਨਾਲ-ਨਾਲ ਨਕੋਦਰ ਤੋਂ ਆਉਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਉਤੇ ਟਰੈਕਟਰ ਟਰਾਲੀਆਂ ਲਗਾ ਕੇ ਨੈਸ਼ਨਲ ਹਾਈਵੇ ਦੇ ਨਾਲ ਨਾਲ ਲਿੰਕ ਰੋਡ ਵੀ ਬੰਦ ਕਰ ਦਿੱਤੇ ਗਏ। ਕਿਸਾਨਾਂ ਨੂੰ ਮਿਲਣ ਦਾ ਸਮਾਂ ਦੇਣ ਤੋਂ ਬਾਅਦ ਖੇਤੀਬਾੜੀ ਮੰਤਰੀ ਦੇ ਮੀਟਿੰਗ ਤੋਂ ਮੁੱਕਰ ਜਾਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਕਾਰਨ ਕਿਸਾਨਾਂ ਨੇ ਦੋਵੇਂ ਸਾਈਡ ਤੋਂ ਹਾਈਵੇ ਜਾਮ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ, ਐਂਬੂਲੈਂਸ, ਸਕੂਲੀ ਬੱਸਾਂ ਨੂੰ ਛੋਟ ਦਿੱਤੀ ਗਈ ਹੈ। 12 ਵਜੇ 31 ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਹਨ ਅਤੇ 2 ਵਜੇ ਫਗਵਾੜਾ ਵਿਖੇ ਮੀਟਿੰਗ ਮੀਟਿੰਗ ਕੀਤੀ ਜਾਵੇਗੀ। ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ 4 ਵਜੇ ਅਗਲਾ ਐਲਾਨ ਕੀਤਾ ਜਾਵੇਗਾ। ਅੱਜ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਫਗਵਾੜਾ ਪੁੱਜਣਗੇ। ਟਰੈਕਟਰ ਲਗਾ ਕੇ ਨੈਸ਼ਨਲ ਹਾਈਵੇ ਦੋਵੇਂ ਸਾਈਡ ਤੋਂ ਮੁਕੰਮਲ ਰੂਪ ਨਾਲ ਬੰਦ ਕਰ ਦਿੱਤਾ ਗਿਆ ਹੈ। ਦਿੱਲੀ-ਅੰਮ੍ਰਿਤਸਰ ਤੇ ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਜਾਮ ਹੋਣ ਨਾਲ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਰੱਖੜੀ ਦਾ ਤਿਉਹਾਰ ਖਤਮ ਹੋਣ ਤੋਂ ਬਾਅਦ ਕਿਸਾਨਾਂ ਵੱਲੋਂ ਅੱਜ ਤੋਂ ਫਗਵਾੜਾ 'ਚ ਪੂਰਾ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਕਿਸਾਨ ਪਹਿਲਾਂ ਫਗਵਾੜਾ ਦੀ ਸ਼ੂਗਰ ਮਿੱਲ ਦੇ ਸਾਹਮਣੇ ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਲੇਨ ਨੂੰ ਜਾਮ ਕਰ ਰਹੇ ਸਨ ਪਰ ਹੁਣ ਕਿਸਾਨ ਅੱਜ ਤੋਂ ਜਲੰਧਰ ਤੋਂ ਲੁਧਿਆਣਾ ਨੂੰ ਜਾਣ ਵਾਲੀ ਲੇਨ ਨੂੰ ਵੀ ਜਾਮ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਤਿਉਹਾਰ ਦੇ ਮੱਦੇਨਜ਼ਰ ਉਨ੍ਹਾਂ ਨੇ ਪਹਿਲਾਂ ਆਪਣੇ ਅੰਦੋਲਨ ਨੂੰ ਹੌਲੀ ਕਰ ਦਿੱਤਾ ਸੀ। ਇਸ ਦੇ ਪਿੱਛੇ ਇਕ ਮਕਸਦ ਇਹ ਵੀ ਸੀ ਕਿ ਪੰਜਾਬ ਸਰਕਾਰ ਇਸ ਗੱਲ ਨੂੰ ਮੰਨ ਲਵੇ ਪਰ ਅਜੇ ਤੱਕ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਹੁਣ ਕਿਸਾਨ ਆਪਣੇ ਹੱਕ ਲੈਣ ਲਈ ਵੱਡੇ ਕਦਮ ਚੁੱਕਣ ਲਈ ਮਜਬੂਰ ਹਨ। ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਫਗਵਾੜਾ ਸ਼ੂਗਰ ਮਿੱਲ ਕੋਲ ਕਿਸਾਨਾਂ ਦੇ ਗੰਨੇ ਦੇ 72 ਕਰੋੜ ਰੁਪਏ ਫਸੇ ਹੋਏ ਹਨ। ਮਿੱਲ ਮਾਲਕ ਖੁਦ ਲਾਪਤਾ ਹੈ ਅਤੇ ਸਰਕਾਰ ਉਸ ਦੀ ਗੱਲ ਨਹੀਂ ਸੁਣ ਰਹੀ। ਉਹ ਵਾਰ-ਵਾਰ ਮੀਟਿੰਗਾਂ ਕਰ ਕੇ ਭਰੋਸਾ ਦਿੰਦੇ ਹਨ ਪਰ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਸਰਕਾਰ ਅੱਗੇ ਮੰਗ ਰੱਖੀ ਸੀ ਕਿ ਮਿੱਲ ਦੀ ਕੁਰਕੀ ਕਰਕੇ ਕਿਸਾਨਾਂ ਦੀ ਬਕਾਇਆ ਅਦਾਇਗੀ ਕੀਤੀ ਜਾਵੇ। ਮੀਟਿੰਗ ਵਿੱਚ ਸਰਕਾਰ ਨੇ ਸਹਿਮਤੀ ਜਤਾਈ ਪਰ ਬਾਅਦ ਵਿੱਚ ਪਿੱਛੇ ਹਟ ਗਈ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਆਪਣੇ ਦਮ 'ਤੇ ਨਹੀਂ ਚੱਲ ਰਿਹਾ, ਸਗੋਂ ਉਹ ਕੰਮ ਕਰ ਰਹੇ ਹਨ, ਜਿਸ ਤਰ੍ਹਾਂ ਅਧਿਕਾਰੀ ਉਨ੍ਹਾਂ ਨੂੰ ਚਲਾ ਰਹੇ ਹਨ। ਨੌਕਰਸ਼ਾਹੀ ਰਾਜ 'ਤੇ ਹਾਵੀ ਹੈ, ਪਰ ਉਹ ਅਫਸਰਸ਼ਾਹੀ ਨੂੰ ਸਿੱਧੇ ਰਸਤੇ 'ਤੇ ਲਿਆਉਣ ਦਾ ਰਾਹ ਵੀ ਜਾਣਦੇ ਹਨ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਫਗਵਾੜਾ ਸ਼ੂਗਰ ਮਿੱਲ ਕੋਲ ਹੀ ਕਿਸਾਨਾਂ ਦਾ ਪੈਸਾ ਨਹੀਂ ਫਸਿਆ ਹੈ। ਸਗੋਂ ਸੂਬੇ ਦੀਆਂ ਸਾਰੀਆਂ ਖੰਡ ਮਿੱਲਾਂ ਨੇ ਕਿਸਾਨਾਂ ਦਾ ਪੈਸਾ ਦੱਬਿਆ ਹੋਇਆ ਹੈ ਅਤੇ ਉਹ ਉਨ੍ਹਾਂ 'ਤੇ ਕੁੰਡਲੀ ਮਾਰ ਕੇ ਬੈਠੇ ਹਨ। ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ। ਖੰਡ ਮਿੱਲਾਂ ਦੇ ਬਕਾਏ ਬਾਰੇ ਵੀ ਚਰਚਾ ਹੋਵੇਗੀ। ਕਾਬਿਲੇਗੌਰ ਹੈ ਕਿ ਮੀਟਿੰਗ ਵਿੱਚ ਕਿਸਾਨ ਪੰਜਾਬ ਦੀਆਂ ਖੰਡ ਮਿੱਲਾਂ ਅੱਗੇ ਹਾਈਵੇਅ ਅਤੇ ਸੜਕਾਂ ਉਤੇ ਧਰਨਾ ਦੇਣ ਦਾ ਫ਼ੈਸਲਾ ਲੈਣਗੇ। ਇਹ ਵੀ ਪੜ੍ਹੋ : ਪਦਮਸ਼੍ਰੀ ਉਘੇ ਇਤਿਹਾਸਕਾਰ ਪ੍ਰੋ. ਜਗਤਾਰ ਸਿੰਘ ਗਰੇਵਾਲ ਦਾ ਦੇਹਾਂਤ