ਕਿਸਾਨਾਂ ਦੀ ਅੱਜ ਦੀ ਮੀਟਿੰਗ ਵੀ ਰਹੀ ਬੇਸਿੱਟਾ, 8 ਜਨਵਰੀ ਤੈਅ ਹੋਈ ਅਗਲੀ ਮੀਟਿੰਗ ਦੀ ਤਰੀਕ
ਕੇਂਦਰ ਨਾਲ ਕਿਸਾਨਾਂ ਦੀ ਸੱਤਵੇਂ ਗੇੜ ਦੀ ਮੀਟਿੰਗ ਖਤਮ ਹੋ ਚੁੱਕੀ ਹੈ। ਇਸ ਦੌਰਾਨ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਹਰ ਮਸਲੇ ’ਤੇ ਵਿਚਾਰ-ਚਰਚਾ ਕਰਨ ਲਈ ਤਿਆਰ ਹੈ ਪਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੂਲੋਂ ਰੱਦ ਕਰਨ ਲਈ ਤਿਆਰ ਨਹੀਂ ਹੈ। ਕੇਂਦਰ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਤੌਰ ’ਤੇ ਜ਼ਾਹਰ ਕਰਦਿਆਂ ਕਿਹਾ ਕਿ ਤਿੰਨੋਂ ਖੇਤੀ ਕਾਨੂੰਨ ਕਿਸੇ ਵੀ ਕੀਮਤ ’ਤੇ ਰੱਦ ਨਹੀਂ ਹੋਣਗੇ।
ਕਿਸਾਨ ਚਾਹੁਣ ਤਾਂ ਐੱਮ. ਐੱਸ. ਪੀ. ਦੇ ਮੁੱਦੇ ’ਤੇ ਗਰੰਟੀ ਕਾਨੂੰਨ ਨੂੰ ਲੈ ਕੇ ਸਹਿਮਤੀ ਬਣਾਈ ਜਾ ਸਕਦੀ ਹੈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੀ ਆਪਣੇ ਪੱਖ ’ਤੇ ਅੜੀਆਂ ਰਹੀਆਂ ਅਤੇ ਬੈਠਕ ਤੋਂ ਅਸੰਤੁਸ਼ਟ ਜਾਪੀਆਂ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ’ਤੇ ਅੜੇ ਹਨ। ਫ਼ਿਲਹਾਲ ਅੱਜ ਦੀ ਬੈਠਕ ’ਚ ਕਿਸੇ ਵੀ ਮੁੱਦੇ ’ਤੇ ਸਹਿਮਤੀ ਹੁੰਦੀ ਨਜ਼ਰ ਨਹੀਂ ਆਈ। ਅਗਲੀ ਬੈਠਕ 8 ਜਨਵਰੀ 2021 ਨੂੰ ਹੋਵੇਗੀ। ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਅੱਗੇ ਕੀ ਫ਼ੈਸਲਾ ਲੈਂਦੀਆਂ ਹਨ |
ਉਥੇ ਹੀ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਨਰੇਂਦਰ ਤੋਮਰ ਨੇ ਕਿਹਾ ਕਿ ਅਸੀਂ ਹਰ ਪੱਖੋਂ ਗੱਲ ਕਰਨ ਦੀ ਗੱਲ ਕੀਤੀ ਪਰ ਕਿਸਾਨ ਸਾਡੀ ਗੱਲ ਨਹੀਂ ਸਮਝ ਰਹੇ। ਤੋਮਰ ਦਾ ਕਹਿਣਾ ਹੈ ਕਿ ਅਸੀਂ MSP 'ਤੇ ਸਾਰੀਆਂ ਮੰਗਾਂ ਮੰਨਣ ਲਈ ਤਿਆਰ। ਇਸ ਦੇ ਨਾਲ ਹੀ 'ਪੂਰੇ ਦੇਸ਼ ਦੇ ਮੱਦੇਨਜ਼ਰ ਲਿਆ ਜਾਵੇਗਾ ਕੋਈ ਫੈਸਲਾ' . ਉਹਨਾਂ ਕਿਹਾ ਕਿ 8 ਜਨਵਰੀ ਨੂੰ ਹੋਣ ਵਾਲੀ ਮੀਟਿੰਗ 'ਚ ਕਾਨੂੰਨਾਂ 'ਤੇ ਕਰਾਂਗੇ ਚਰਚਾ , ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਪ੍ਰਵਾਹ ਹੈ।