ਮੰਡੀ 'ਚ ਮਾੜੇ ਪ੍ਰਬੰਧਾਂ ਕਾਰਨ ਕਿਸਾਨ ਹੋ ਰਹੇ ਨੇ ਖੱਜਲ-ਖੁਆਰ, ਦਾਅਵੇ ਹੋਏ ਖੋਖਲੇ ਸਾਬਤ
ਬਠਿੰਡਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿਚ ਫ਼ਸਲ ਵੇਚਣ ਲਈ ਕੋਈ ਮੁਸ਼ਕਲ ਨਾ ਆਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਬਠਿੰਡਾ ਦੀ ਅਨਾਜ ਮੰਡੀ ਵਿਚ ਆਪਣੀ ਫਸਲ ਵੇਚਣ ਲਈ ਆਉਂਦੇ ਕਿਸਾਨ ਅਵਾਰਾ ਪਸ਼ੂ ਅਤੇ ਚੋਰਾਂ ਤੋਂ ਡਾਢੇ ਪਰੇਸ਼ਾਨ ਹਨ ਉਥੇ ਹੀ ਮੰਡੀ ਵਿਚ ਚੰਗੇ ਪ੍ਰਬੰਧ ਨਾ ਹੋਣ ਕਰਕੇ ਕਿਸਾਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਉਲਟ ਮੰਡੀ ਬੋਰਡ ਦੇ ਅਧਿਕਾਰੀ ਚੋਰੀ ਦੀ ਕੋਈ ਵੀ ਸ਼ਿਕਾਇਤ ਨਾ ਆਉਣ ਦੀ ਗੱਲ ਕਰ ਰਹੇ ਹਨ। ਛੇ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਕਿਸਾਨ ਆਪਣੀ ਝੋਨੇ ਦੀ ਫ਼ਸਲ ਲੈ ਕੇ ਮੰਡੀਆਂ ਵਿਚ ਪੁੱਜ ਰਹੇ ਹਨ। ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿਚ ਆਪਣੀ ਫ਼ਸਲ ਵੇਚਣ ਲਈ ਕੋਈ ਮੁਸ਼ਕਿਲ ਨਾ ਆਉਣ ਦੇ ਦਾਅਵੇ ਕਰ ਰਹੀ ਹੈ। ਬਠਿੰਡਾ ਦੀ ਅਨਾਜ ਮੰਡੀ ਵਿਚ ਆ ਰਹੇ ਕਿਸਾਨ ਅਵਾਰਾ ਪਸ਼ੂਆਂ ਤੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਰਾਤ ਸਮੇਂ ਅਵਾਰਾ ਪਸ਼ੂ ਮੰਡੀਆਂ 'ਚ ਫ਼ਸਲ ਖ਼ਰਾਬ ਕਰ ਦਿੰਦੇ ਹਨ ਤੇ ਚੋਰ ਉਨ੍ਹਾਂ ਦਾ ਝੋਨਾ ਚੋਰੀ ਕਰਕੇ ਲੈ ਜਾਂਦੇ ਹਨ। ਇਹ ਵੀ ਪੜ੍ਹੋ : Women's Asia Cup 2022 : ਸ੍ਰੀਲੰਕਾ ਨੂੰ ਹਰਾ ਕੇ ਭਾਰਤ ਬਣਿਆ 7ਵੀਂ ਵਾਰ ਚੈਂਪੀਅਨ ਕਿਸਾਨਾਂ ਨੇ ਦੱਸਿਆ ਕਿ ਮੰਡੀ 'ਚ ਬਾਥਰੂਮ ਦਾ ਵੀ ਕੋਈ ਯੋਗ ਪ੍ਰਬੰਧ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਆਉਂਦੀ ਹੈ। ਦੂਜੇ ਪਾਸੇ ਮੰਡੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੰਡੀ 'ਚ ਚੌਂਕੀਦਾਰ ਰੱਖਿਆ ਹੋਇਆ ਹੈ, ਉਨ੍ਹਾਂ ਕੋਲ ਮੰਡੀ ਵਿੱਚ ਅਜੇ ਚੋਰੀ ਹੋਣ ਦੀ ਸ਼ਿਕਾਇਤ ਨਹੀਂ ਆਈ। ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਅਨਾਜ ਮੰਡੀਆਂ ਵਿਚ ਪੂਰੇ ਪ੍ਰਬੰਧ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਇਸ ਦੇ ਉਲਟ ਹਕੀਕਤ ਕੁਝ ਹੋਰ ਹੈ। ਪੰਜਾਬ ਦੀਆਂ ਕਈ ਅਨਾਜ ਮੰਡੀਆਂ ਵਿਚ ਪ੍ਰਬੰਧਾਂ ਦਾ ਬੁਰਾ ਹਾਲ ਹੈ ਅਤੇ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News