ਕਿਸਾਨਾਂ ਦੇ ਐਲਾਨ ਨੇ ਪਾਵਰਕਾਮ ਦੀ ਚਿੰਤਾ ਵਧਾਈ
ਪਟਿਆਲਾ : ਕਿਸਾਨ ਜਥੇਬੰਦੀਆਂ ਵਲੋਂ 10 ਜੂਨ ਤੋਂ ਝੋਨਾ ਲਗਾਉਣ ਦੇ ਐਲਾਨ ਨੇ ਪਾਵਰਕਾਮ ਦੀ ਚਿੰਤਾ ਵਧਾ ਦਿੱਤੀ ਹੈ। ਜੇਕਰ ਐਲਾਨ ਅਨੁਸਾਰ ਝੋਨੇ ਬੀਜਣ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਇਕਦਮ ਬਿਜਲੀ ਦੀ ਮੰਗ ਵਿੱਚ ਵੀ ਵਾਧਾ ਹੋਵੇਗਾ। ਥਰਮਲਾਂ ਦੇ ਪੂਰੇ ਯੂਨਿਟ ਨਾ ਚੱਲਣ ਕਰਕੇ ਪਾਵਰਕਾਮ ਨੂੰ ਮਹਿੰਗੇ ਮੁੱਲ ਉਤੇ ਬਾਹਰੋਂ ਬਿਜਲੀ ਖ਼ਰੀਦਣੀ ਪਵੇਗੀ ਤੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੁਣ ਤੱਕ ਪੀਐਸਪੀਸੀਐੱਲ 539 ਕਰੋੜ ਦੀ ਬਿਜਲੀ ਖਰੀਦ ਚੁੱਕਿਆ ਹੈ। ਬਿਜਲੀ ਦੀ ਮੰਗ ਤੇ ਥਰਮਲਾਂ ਦੇ ਯੂਨਿਟਾਂ ਵਾਰ ਵਾਰ ਬੰਦ ਹੋਣ ਕਰਕੇ ਪੀਐਸਪੀਸੀਐਲ ਨੂੰ ਬਾਹਰੋਂ ਮਹਿੰਗੇ ਭਾਅ ਉਤੇ ਬਿਜਲੀ ਖਰੀਦਣੀ ਪਈ ਹੈ। ਪੰਜਾਬ ਵਿਚਲੇ ਥਰਮਲਾਂ ਤੋਂ ਜਿਥੇ ਪ੍ਰਤੀ ਯੂਨਿਟ 3.82 ਤੋਂ 4.20 ਰੁਪਏ ਤੱਕ ਬਿਜਲੀ ਮਿਲਦੀ ਹੈ ਉਥੇ ਹੀ ਬਾਹਰੋਂ ਔਸਤਨ 10.49 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣੀ ਪਈ ਹੈ। ਸੋਮਵਾਰ ਨੂੰ ਸੂਬੇ ਵਿਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤੱਕ ਦਰਜ ਕੀਤੀ ਗਈ ਹੈ ਜਦੋਂਕਿ ਇਸ ਦੌਰਾਨ ਲਹਿਰਾ ਮੁਹਬਤ ਪਲਾਂਟ ਦੇ ਦੋ ਯੂਨਿਟ ਬੰਦ ਹੋਏ ਹਨ। ਇਸ ਤੋਂ ਇਲਾਵਾ ਰੋਪੜ, ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਇਕ ਯੂਨਿਟ ਪਹਿਲਾਂ ਤੋਂ ਹੀ ਬੰਦ ਹੈ। ਸ਼ਾਮ 8 ਵਜੇ ਤੱਕ ਬਿਜਲੀ ਦੀ ਮੰਗ 9200 ਮੈਗਾਵਾਟ ਤੱਕ ਰਹੀ। ਰੋਪੜ ਪਲਾਂਟ ਤੇ ਤਿੰਨ ਯੂਨਿਟਾਂ ਤੋਂ 494, ਲਹਿਰਾ ਮੁਹੱਬਤ ਦੇ ਦੋ ਯੂਨਿਟਾਂ ਤੋਂ 341, ਰਾਜਪੁਰਾ ਪਲਾਂਟ ਤੋਂ 1334, ਤਲਵੰਡੀ ਸਾਬੋ ਪਲਾਂਟ ਤੋ 1114 ਤੇ ਜੀਵੀਕੇ ਤੋਂ 217 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਸਰਕਾਰੀ, ਨਿੱਜੀ ਪਲਾਂਟ ਤੇ ਹੋਰ ਸੋ੍ਰਤਾਂ ਤੋਂ ਕੁੱਲ 4288 ਮੈਗਾਵਾਟ ਬਿਜਲੀ ਹਾਸਲ ਹੋਈ ਹੈ ਜਦੋਂਕਿ ਮੰਗ ਪੂਰਾ ਕਰਨ ਲਈ ਹੋਰ ਬਿਜਲੀ ਬਾਹਰੀ ਸ੍ਰੋਤਾਂ ਤੋਂ ਹਾਸਲ ਕੀਤੀ ਗਈ ਹੈ। ਥਰਮਲਾਂ ਵਿਚ ਕੋਲੇ ਦੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਲਹਿਰਾ ਮੁਹਬਤ ਪਲਾਂਟ ਵਿਚ ਦੋ ਦਿਨ, ਰੋਪੜ ਪਲਾਂਟ ਵਿੱਚ ਛੇ ਦਿਨ, ਰਾਜਪੁਰਾ ਪਲਾਂਟ ਵਿਚ 23.9 ਦਿਨ, ਜੀਵੀਕੇ ਪਲਾਂਟ ਵਿਚ 4.7 ਦਿਨ ਅਤੇ ਤਲਵੰਡੀ ਸਾਬੋ ਪਲਾਂਟ ਵਿਚ 6.4 ਦਿਨ ਕੋਲਾ ਬਚਿਆ ਹੈ। ਮਾਹਰਾਂ ਅਨੁਸਾਰ ਆਉਣ ਕੋਲੇ ਦੀ ਘਾਟ ਕਰਕੇ ਪੀਐਸਪੀਸੀਐਲ ਨੂੰ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਕੋਲੇ ਦੀ ਸਥਿਤੀ ਵਿਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਇਹ ਵੀ ਪੜ੍ਹੋ : ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰ ਨੇੜੇ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ