ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਿਸਾਨ ਤੇ 'ਆਪ' ਵਿਧਾਇਕ ਆਹਮੋ-ਸਾਹਮਣੇ
ਬਠਿੰਡਾ : ਕਿਸਾਨਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਚਕਾਰ ਨਾਜਾਇਜ਼ ਮਾਈਨਿੰਗ ਦਾ ਮਾਮਲਾ ਭਖਦਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮੌੜ ਚੜ੍ਹਤ ਸਿੰਘ ਵਾਲਾ ਵਿੱਚ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਨੂੰ ਲੈ ਕੇ 'ਆਪ' ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਕਿਸਾਨਾਂ ਨੇ ਬੀਤੇ ਦਿਨ ਦਰਜ ਮਾਮਲੇ ਰੱਦ ਕਰਵਾਉਣ ਲਈ ਥਾਣਾ ਮੌੜ ਅੱਗੇ ਧਰਨਾ ਲਗਾ ਦਿੱਤਾ ਗਿਆ ਹੈ। ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੇ ਵਿਧਾਇਕ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਮਾਮਲੇ ਰੱਦ ਨਹੀਂ ਕੀਤੇ ਜਾਂਦੇ ਤੇ ਜ਼ਬਤ ਗਈਆਂ ਟਰਾਲੀਆਂ ਛੱਡ ਕੇ ਮੁੜ ਮਿੱਟੀ ਕੱਢਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ। ਕਾਬਿਲੇਗੌਰ ਹੈ ਕਿ‘ਆਪ’ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਨੇ ਦੋਸ਼ ਲਾਇਆ ਕਿ ਕਿਸਾਨਾਂ ਨੇ ਉਨ੍ਹਾਂ ਉਤੇ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਐਸਐਸਪੀ ਨੇ ਕੋਟਫੱਤਾ ਥਾਣੇ ਦੇ ਐਸਐਚਓ ਨੂੰ ਮੌਕੇ ਉਤੇ ਨਾ ਪਹੁੰਚਣ ਕਾਰਨ ਮੁਅੱਤਲ ਕਰ ਦਿੱਤਾ ਸੀ। ਪੁਲਿਸ ਨੇ 3 ਕਿਸਾਨਾਂ ਸੁਖਜੀਤ ਸਿੰਘ, ਗੁਰਮੇਲ ਸਿੰਘ ਤੇ ਜੀਤਾ ਸਿੰਘ ਨੂੰ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਦਿਆਂ ਹੀ ਜਦੋਂ ਪੁਲਿਸ ਪੋਕਲੇਨ ਮਸ਼ੀਨ ਕਬਜ਼ੇ ਵਿੱਚ ਲੈਣ ਪੁੱਜੀ ਤਾਂ ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਸੀ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਖਾਲੀ ਹੱਥ ਪਰਤ ਗਈ ਸੀ। ਇਸ ਤੋਂ ਬਾਅਦ ਮੌੜ ਮੰਡੀ ਦੇ ਵਿਧਾਇਕ ਸੁਖਬੀਰ ਮੌਕੇ ਉਤੇ ਪੁੱਜੇ ਅਤੇ ਕੰਮ ਬੰਦ ਕਰਨ ਲਈ ਕਿਹਾ। ਇਸ ਦਾ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ। ਮੌੜ ਮੰਡੀ ਦੇ 'ਆਪ' ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਕਿਸਾਨਾਂ ਦੇ ਖੇਤਾਂ 'ਚ ਛਾਪਮਾਰੀ ਕਰਕੇ ਮਿੱਟੀ ਕੱਢ ਰਹੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰਵਾ ਦਿੱਤਾ ਗਿਆ ਸੀ। -PTC News ਇਹ ਵੀ ਪੜ੍ਹੋ : ਹੁਣ ਜਾਇਦਾਦਾਂ ਰੈਗੂਲਰ ਕਰਵਾਉਣ ਲਈ ਆਨਲਾਈਨ ਮਿਲੇਗੀ ਐੱਨਓਸੀ : ਅਮਨ ਅਰੋੜਾ