ਕਿਸਾਨ ਵੱਲੋਂ 20 ਥਾਵਾਂ 'ਤੇ ਫੂਕੇ ਗਏ ਪੁਤਲੇ, ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕਰਨ ਦੀ ਕੀਤੀ ਮੰਗ
ਅੰਮ੍ਰਿਤਸਰ:ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਕੋਸ਼ਿਸ਼ਾਂ ਕਰ ਰਹੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀ ਦਾ ਦਿੱਗਜ ਲੀਡਰ ਪੰਜਾਬ ਵੱਲ ਰੁਖ਼ ਕਰ ਰਿਹਾ ਹੈ। ਜਿਸ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਵਿਖੇ ਅੱਜ ਬੀਜੇਪੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਹਨ ਪਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਿੰਡ-ਪਿੰਡ ਵਿਚ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਲਗਭਗ 20 ਥਾਵਾਂ ਉੱਤੇ ਸੈਂਕੜੇ ਕਿਸਾਨਾਂ ਮਜਦੂਰਾਂ ਬੀਬੀਆਂ ਵੱਲੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਦਿੱਲੀ ਮੋਰਚੇ ਦੌਰਾਨ ਮੰਗਾ ਮੰਨਣ ਦੇ ਦਿੱਤੇ ਲਿਖਤੀ ਸਹਿਮਤੀ ਪੱਤਰ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜ਼ਾਏ ਯੂਪੀ ਦੇ ਲਖੀਮਪੁਰ ਖੀਰੀ ਕਾਂਡ ਵਿੱਚ ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਉੱਤੇ ਰਿਹਾਅ ਕਰਵਾ ਦਿੱਤਾ। ਇਸ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਰੈਲੀਆਂ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ। ਇਸ ਲਈ ਜਥੇਬੰਦੀ ਵੱਲੋਂ ਭਾਜਪਾ ਗੱਠਜੋੜ ਦੀਆਂ ਰੈਲੀਆਂ ਦੇ ਵਿਰੋਧ ਵਿੱਚ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ। ਅੱਜ ਚੱਬਾ,ਬੁੱਤ,ਖਾਸਾ,ਬੋਹੜੂ ਪੁਲ, ਰਾਮਤੀਰਥ,ਚੋਗਾਵਾਂ, ਲੋਪੋਕੇ, ਗੱਗੋਮਾਹਲ,ਅਜਨਾਲਾ, ਮਜੀਠਾ, ਕੱਥੂਨੰਗਲ,ਟਾਹਲੀ ਸਾਹਿਬ, ਜੰਡਿਆਲਾ ਗੁਰੂ,ਟਾਂਗਰਾ,ਬੁੱਟਰ, ਨਾਥ ਦੀ ਖੂਹੀ,ਖਵਾਜਪੁਰ, ਰਈਆ ਮੋੜ,ਬੁਤਾਲਾ ਆਦਿ ਥਾਵਾਂ ਉੱਤੇ ਪੁਤਲੇ ਫੂਕੇ ਗਏ। ਇਹ ਵੀ ਪੜ੍ਹੋ: ਕੇਜਰੀਵਾਲ ਦਾ ਚੰਨੀ 'ਤੇ ਤੰਜ, ਵਿਧਾਇਕ ਨਾ ਬਣੇ ਤਾਂ CM ਕਿਵੇਂ ਬਣਨਗੇ ਇਸ ਮੌਕੇ ਜੋਨ ਪ੍ਰਧਾਨ ਕਵਲਜੀਤ ਸਿੰਘ ਵੰਨਚੜੀ,ਨਿਸ਼ਾਨ ਸਿੰਘ,ਨਿਰਵੈਲ ਸਿੰਘ ਚੱਬਾ,ਜੁਗਰਾਜ ਸਿੰਘ ਵਰਪਾਲ,ਮੰਗਵਿੰਦਰ ਸਿੰਘ ਮੰਡਿਆਲਾ,ਸ਼ਮਸ਼ੇਰ ਸਿੰਘ ਛੇਹਰਟਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। -PTC News