ਫ਼ਰੀਦਕੋਟ ਪੁਲਿਸ ਨੂੰ ਮਿਲਿਆ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ
ਫਰੀਦਕੋਟ : ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਫ਼ਰੀਦਕੋਟ ਪੁਲਿਸ ਦੀ ਪਕੜ ਵਿੱਚ ਆ ਗਿਆ ਹੈ। ਉਸ ਨੂੰ ਬੁੱਧਵਾਰ ਨੂੰ ਮੋਗਾ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਸ ਨੂੰ ਫਰੀਦਕੋਟ ਪੁਲਿਸ ਟਰਾਂਜ਼ਿਟ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਉਪਰ ਫਰੀਦਕੋਟ ਦੇ ਇਕ ਕਾਰੋਬਾਰੀ ਤੋਂ 50 ਲੱਖ ਦੀ ਫਿਰੌਤੀ ਮੰਗਣ ਦਾ ਦੋਸ਼ ਹੈ। ਫ਼ਰੀਦਕੋਟ ਵਿੱਚ ਪੇਸ਼ ਕਰ ਕੇ ਲਾਰੈਂਸ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ। ਇਸ ਤੋਂ ਪਹਿਲਾਂ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ 'ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ 'ਚ ਮੋਗਾ ਪੁਲਿਸ ਨੇ ਲਾਰੈਂਸ ਨੂੰ ਰਿਮਾਂਡ 'ਤੇ ਲਿਆ ਸੀ। 1 ਅਗਸਤ ਨੂੰ ਮੋਗਾ ਪੁਲਿਸ ਨੇ ਲਾਰੈਂਸ ਦਾ 10 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਲਾਰੈਂਸ ਫਰੀਦਕੋਟ ਵਿੱਚ ਇੱਕ ਕਤਲ ਕੇਸ ਵਿੱਚ ਵੀ ਮੁਲਜ਼ਮ ਹੈ। ਲਾਰੈਂਸ ਉਤੇ ਪੰਜਾਬ ਭਰ 'ਚ 17 ਮਾਮਲੇ ਦਰਜ ਹਨ ਜਿਸ ਵਿੱਚ ਉਸ ਦੀ ਗ੍ਰਿਫ਼ਤਾਰੀ ਪਾ ਕੇ ਹਰ ਮਾਮਲੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਂਦਾ ਗਿਆ ਸੀ। ਉਹ ਤਿਹਾੜ ਜੇਲ੍ਹ ਵਿੱਚ ਬੰਦ ਸੀ। ਲਾਰੈਂਸ ਨੇ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ। ਜਿਸ ਨੂੰ ਉਸਦੇ ਕੈਨੇਡਾ ਬੈਠੇ ਸਾਥੀ ਗੈਂਗਸਟਰ ਗੋਲਡੀ ਬਰਾੜ ਨੇ ਅੰਜਾਮ ਦਿੱਤਾ ਸੀ। ਗੋਲਡੀ ਦੇ ਕਹਿਣ ਉਤੇ 6 ਸ਼ੂਟਰਾਂ ਨੇ ਮੂਸੇਵਾਲਾ ਨੂੰ ਗੋਲ਼ੀ ਮਾਰ ਦਿੱਤੀ ਸੀ। ਇਨ੍ਹਾਂ 'ਚੋਂ 3 ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਤੇ ਕਸ਼ਿਸ਼ ਫੜੇ ਗਏ ਹਨ। ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਨੂੰ ਅਟਾਰੀ ਸਰਹੱਦ ਨੇੜੇ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਸੀ। ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫ਼ਰਾਰ ਹੈ। ਪੰਜਾਬ ਵਿੱਚ ਲਾਰੈਂਸ ਖ਼ਿਲਾਫ਼ ਸਭ ਤੋਂ ਵੱਧ 17 ਕੇਸ ਦਰਜ ਹਨ। ਜਿਨ੍ਹਾਂ ਵਿੱਚ 6 ਕੇਸ ਫਾਜ਼ਿਲਕਾ ਵਿੱਚ ਹਨ। ਲਾਰੈਂਸ ਫਾਜ਼ਿਲਕਾ ਦੇ ਪਿੰਡ ਦੁਤਰਾਵਾਲੀ ਦਾ ਰਹਿਣ ਵਾਲਾ ਹੈ। ਮੁਹਾਲੀ ਵਿੱਚ ਲਾਰੈਂਸ ਖ਼ਿਲਾਫ਼ 7, ਫਰੀਦਕੋਟ ਵਿੱਚ 2, ਅੰਮ੍ਰਿਤਸਰ ਤੇ ਮੁਕਤਸਰ ਵਿੱਚ 1-1 ਕੇਸ ਦਰਜ ਹਨ। 2010 ਵਿੱਚ ਲਾਰੈਂਸ ਖ਼ਿਲਾਫ਼ ਚੰਡੀਗੜ੍ਹ ਤੇ ਮੁਹਾਲੀ ਵਿੱਚ 3 ਅਪਰਾਧਿਕ ਮਾਮਲੇ ਦਰਜ ਹੋਏ ਸਨ। ਇਹ ਕੇਸ ਗੈਰ-ਕਾਨੂੰਨੀ ਹਥਿਆਰਾਂ ਅਤੇ ਕਤਲ ਦੀ ਕੋਸ਼ਿਸ਼ ਦੇ ਸਨ। ਅਪ੍ਰੈਲ 2010 ਵਿੱਚ ਚੰਡੀਗੜ੍ਹ ਵਿੱਚ ਦਰਜ ਦੋ ਕੇਸਾਂ ਵਿੱਚੋਂ ਲਾਰੈਂਸ ਨੂੰ ਬਰੀ ਕਰ ਦਿੱਤਾ ਗਿਆ ਸੀ। ਉਸ ਨੂੰ ਅਕਤੂਬਰ 2010 ਵਿੱਚ ਮੁਹਾਲੀ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਇਹ ਵੀ ਪੜ੍ਹੋ : ਵਿਧਾਇਕ ਗੋਗੀ ਤੋਂ ਮੰਗੀ ਫਿਰੌਤੀ, ਗੈਂਗਸਟਰ ਗੋਲਡੀ ਬਰਾੜ ਦਾ ਦੋਸਤ ਦੱਸਕੇ ਜਾਨੋਂ ਮਾਰਨ ਦੀ ਦਿੱਤੀ ਧਮਕੀ