ਪਲਾਂ 'ਚ ਉਜੜਿਆ ਪਰਿਵਾਰ : ਜਨਰਲ ਰਾਵਤ ਦੀਆਂ ਸਿਰਫ਼ ਦੋ ਧੀਆਂ, ਹਾਦਸੇ 'ਚ ਗੁਆਏ ਮਾਪੇ
Bipin Rawat Army Helicopter Crash: ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਹੈ। ਫੌਜ ਦੇ ਇਸ ਸਰਵਉੱਚ ਅਧਿਕਾਰੀ ਦੇ ਚਲੇ ਜਾਣ ਨਾਲ ਦੇਸ਼ ਨੂੰ ਵੱਡਾ ਝਟਕਾ ਲੱਗਾ ਹੈ ਪਰ ਇਸ ਹਾਦਸੇ ਨੇ ਜਨਰਲ ਰਾਵਤ ਦੀਆਂ ਧੀਆਂ ਨੂੰ ਪਲਾਂ 'ਚ ਅਨਾਥ ਵੀ ਕਰ ਦਿੱਤਾ। ਦੋਵੇਂ ਧੀਆਂ ਨੇ ਆਪਣੇ ਪਿਤਾ ਦੇ ਨਾਲ-ਨਾਲ ਮਾਂ ਮਧੁਲਿਕਾ ਰਾਵਤ ਨੂੰ ਵੀ ਗੁਆ ਦਿੱਤਾ, ਜੋ ਇਕ ਸਮਾਗਮ ਵਿਚ ਸ਼ਾਮਲ ਹੋਣ ਲਈ ਜਨਰਲ ਰਾਵਤ ਦੇ ਨਾਲ ਹੈਲੀਕਾਪਟਰ ਵਿਚ ਵੈਲਿੰਗਟਨ ਜਾ ਰਹੇ ਸਨ। ਦਰਅਸਲ, ਮਧੁਲਿਕਾ ਰਾਵਤ ਆਰਮੀ ਵੂਮੈਨ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਸੀ ਅਤੇ ਇਸੇ ਕਾਰਨ ਉਨ੍ਹਾਂ ਨੂੰ ਵੈਲਿੰਗਟਨ 'ਚ ਆਯੋਜਿਤ ਪ੍ਰੋਗਰਾਮ 'ਚ ਵੀ ਹਿੱਸਾ ਲੈਣਾ ਪਿਆ ਸੀ। ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀ ਮੌਤ ਤੋਂ ਬਾਅਦ ਹੁਣ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਰਹਿ ਗਈਆਂ ਹਨ। ਜਨਰਲ ਰਾਵਤ ਦੀ ਵੱਡੀ ਬੇਟੀ ਦਾ ਨਾਂ ਕੀਰਤਿਕਾ ਹੈ। ਕੀਰਤੀਕਾ ਵਿਆਹੀ ਹੋਈ ਹੈ ਅਤੇ ਫਿਲਹਾਲ ਮੁੰਬਈ 'ਚ ਰਹਿੰਦੀ ਹੈ। ਛੋਟੀ ਧੀ ਦਾ ਨਾਂ ਤਾਰਿਣੀ ਹੈ, ਜੋ ਦਿੱਲੀ ਹਾਈ ਕੋਰਟ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰ ਰਹੀ ਹੈ। ਜਨਰਲ ਬਿਪਿਨ ਰਾਵਤ ਨਾ ਸਿਰਫ਼ ਉੱਤਰਾਖੰਡ ਨਾਲ ਸਬੰਧਤ ਸਨ, ਸਗੋਂ ਉਨ੍ਹਾਂ ਨੂੰ ਆਪਣੇ ਰਾਜ ਨਾਲ ਵੀ ਬਹੁਤ ਪਿਆਰ ਸੀ। ਇਹੀ ਕਾਰਨ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਰਹਿਣ ਦੀ ਬਜਾਏ ਦੇਹਰਾਦੂਨ 'ਚ ਰਹਿਣ ਦੀ ਤਿਆਰੀ ਕੀਤੀ ਸੀ, ਜਿੱਥੇ ਉਨ੍ਹਾਂ ਨੇ ਆਪਣਾ ਪੂਰਾ ਬਚਪਨ ਬਿਤਾਇਆ ਸੀ। -PTC News