Russia Ukraine Crisis: ਯੂਕਰੇਨ (Ukraine) ਨੇ ਰੂਸੀ ਸੁਰੱਖਿਆ ਬਲਾਂ 'ਤੇ ਪੂਰਬੀ ਯੂਕਰੇਨ ਦੇ ਇੱਕ ਪਿੰਡ ਵਿੱਚ ਗੋਲੀਬਾਰੀ ਕਰਨ ਦਾ ਇਲਜਾਮ ਲਗਾਇਆ ਹੈ, ਜਿਸ ਵਿਚ ਉਨ੍ਹਾਂ ਨੇ ਇੱਕ ਕਿੰਡਰਗਾਰਟਨ (Kindergarten) ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਹੈ। ਵੀਰਵਾਰ ਨੂੰ ਯੂਕਰੇਨ ਨੇ ਇਲਜਾਮ ਲਗਾਇਆ ਕਿ ਰੂਸ ਨੇ ਪੂਰਬੀ ਯੂਕਰੇਨ ਵਿੱਚ ਜੰਗਬੰਦੀ ਰੇਖਾ ਦੇ ਪਾਰ ਗੋਲੀਬਾਰੀ ਕੀਤੀ। ਜਿਥੇ ਵੱਡੀ ਗਿਣਤੀ ਵਿਚ ਬਾਗੀ ਹੋਣ ਦਾ ਖ਼ਦਸ਼ਾ ਸੀ। ਉਨ੍ਹਾਂ ਕਿਹਾ ਕਿ ਗੋਲੀਬਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਪੱਛਮੀ ਦੇਸ਼ਾਂ ਨੇ ਕਿਸੇ ਵੀ ਦਿਨ ਰੂਸੀ ਹਮਲੇ ਦੀ ਸੰਭਾਵਨਾ ਦੀ ਚਿਤਾਵਨੀ ਦਿੱਤੀ ਸੀ। ਹਾਲਾਂਕਿ ਅਧਿਕਾਰਕ ਤੌਰ ਉਤੇ ਗੋਲੀਬਾਰੀ ਦੀ ਪੁਸ਼ਟੀ ਨਹੀਂ ਹੋਈ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਰੂਸੀ ਰਾਸ਼ਟਰਪਤੀ ਵਾਲਦਮੀਰ ਪੁਤਿਨ (Vladimir Putin) ਨੇ ਆਉਣ ਵਾਲੇ ਸਮੇਂ ਵਿੱਚ ਯੂਕਰੇਨ ਉੱਤੇ ਹਮਲਾ ਕਰਨ ਦਾ ਫੈਸਲਾ ਕਰ ਲਿਆ ਹੈ। ਬਿਡੇਨ ਨੇ ਕਿਹਾ ਕਿ ਉਸ ਦੇ "ਵਿਸ਼ਵਾਸ ਕਰਨ ਦਾ ਕਾਰਨ" ਹੈ ਕਿ ਇਹ "ਆਉਣ ਵਾਲੇ ਦਿਨਾਂ" ਵਿੱਚ ਰਾਜਧਾਨੀ ਕੀਵ 'ਤੇ ਹੋਰ ਹਮਲੇ ਹੋਵੇਗਾ।
ਇਸ ਲੜਾਈ ਕਾਰਨ ਇਲਾਕਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਐਲਪੀਆਰ (LPR) ਐਮਰਜੈਂਸੀ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਵੈ-ਘੋਸ਼ਿਤ ਲੁਹਾਂਸਕ ਪੀਪਲਜ਼ ਰਿਪਬਲਿਕ (LPR) ਦੇ ਲਗਭਗ 25,000 ਨਿਵਾਸੀ ਡੋਨਬਾਸ ਵਿੱਚ ਹਿੰਸਾ ਕਾਰਨ ਹਿਜਰਤ ਕਰ ਹਨ ਅਤੇ ਪਹਿਲਾਂ ਹੀ ਰੂਸ ਦੀ ਸਰਹੱਦ ਪਾਰ ਕਰ ਚੁੱਕੇ ਹਨ।ਪੂਰਬੀ ਯੂਕਰੇਨ ਦੇ ਲੁਹਾਂਲਰ ਵਿੱਚ ਇੱਕ ਹੋਰ ਧਮਾਕਾ ਹੋਣ ਦੀ ਸੂਚਨਾ ਹੈ। ਰਿਪੋਰਟ ਅਨੁਸਾਰ ਦੋਹਾਂ ਧਮਾਕਿਆਂ 'ਚ 40 ਮਿੰਟ ਦਾ ਫਰਕ ਸੀ। ਹਾਲਾਂਕਿ ਇਸ ਧਮਾਕੇ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਇਸ ਤੋਂ ਪਹਿਲਾਂ ਅਮਰੀਕਾ ਲਗਾਤਾਰ ਕਹਿ ਰਿਹਾ ਸੀ ਕਿ ਉਹ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਪੁਤਿਨ ਨੇ ਵੱਡੇ ਪੱਧਰ 'ਤੇ ਹਮਲਾ ਕਰਨ ਦਾ ਅੰਤਿਮ ਫੈਸਲਾ ਲਿਆ ਹੈ ਕਿ ਨਹੀਂ। ਉਸਨੇ ਇਹ ਮੁਲਾਂਕਣ ਕਰਨ ਲਈ ਅਮਰੀਕਾ ਦੀ "ਮਹੱਤਵਪੂਰਨ ਖੁਫੀਆ" ਸਮਰੱਥਾ ਦਾ ਹਵਾਲਾ ਦਿੱਤਾ ਅਤੇ ਕਿਹਾ, "ਇਸ ਸਮੇਂ ਮੈਨੂੰ ਯਕੀਨ ਹੈ ਕਿ ਉਨ੍ਹਾਂ ਨੇ ਫੈਸਲਾ ਲਿਆ ਹੈ। ਸਾਡੇ ਕੋਲ ਇਹ ਵਿਸ਼ਵਾਸ ਕਰਨ ਦਾ ਕਾਰਨ ਹੈ। ” ਬਿਡੇਨ ਨੇ ਹਮਲੇ ਦੀ ਸਥਿਤੀ ਵਿੱਚ ਰੂਸ ਉੱਤੇ ਸਖਤ ਆਰਥਿਕ ਅਤੇ ਕੂਟਨੀਤਿਕ ਪਾਬੰਦੀਆਂ ਦੀ ਆਪਣੀ ਚੇਤਾਵਨੀ ਨੂੰ ਦੁਹਰਾਇਆ ਅਤੇ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀ ਇਹ ਯਕੀਨੀ ਬਣਾਉਣ ਲਈ ਪਹਿਲਾਂ ਨਾਲੋਂ ਜ਼ਿਆਦਾ ਇਕਜੁੱਟ ਹਨ ਕਿ ਰੂਸ ਹਮਲੇ ਦੀ ਕੀਮਤ ਚੁਕਾਏਗਾ।
ਉਪ ਰਾਸ਼ਟਰਪਤੀ ਕਮਲਾ ਹੈਰਿਸ (Kamala Harris) ਨੇ ਸ਼ੁੱਕਰਵਾਰ ਨੂੰ ਯੂਕਰੇਨ 'ਤੇ ਵਧਦੇ ਸੰਕਟ ਵਿਚਕਾਰ ਨਾਟੋ ਏਕਤਾ ਦਾ ਝੰਡਾ ਬੁਲੰਦ ਕੀਤਾ ਅਤੇ ਰੂਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਰਾਸ਼ਟਰਪਤੀ ਵਾਲਦਮੀਰ ਪੁਤਿਨ(Vladimir Putin) ਯੂਕਰੇਨ 'ਤੇ ਹਮਲਾ ਕਰਦੇ ਹਨ ਤਾਂ ਅਮਰੀਕਾ ਅਤੇ ਉਸਦੇ ਪੱਛਮੀ ਸਹਿਯੋਗੀ ਸਖਤ ਪਾਬੰਦੀਆਂ ਨਾਲ ਜਵਾਬ ਦੇਣ ਲਈ ਤਿਆਰ ਹਨ।

-PTC News