ਭਗਵੰਤ ਮਾਨ ਦਾ ਪੁਤਲਾ ਫੂਕਣ ਮੌਕੇ ਅੱਗ ਦੀ ਲਪੇਟ 'ਚ ਆਇਆ ਸਾਬਕਾ ਫੌਜੀ
ਲੁਧਿਆਣਾ, 15 ਸਤੰਬਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਣ ਮੌਕੇ ਇੱਕ ਸਾਬਕਾ ਫੌਜੀ ਅੱਗ ਦੀ ਲਪੇਟ ਵਿੱਚ ਆ ਗਿਆ। 'ਗਾਰਡੀਅਨ ਆਫ਼ ਗਵਰਨੈਂਸ' (Guardians of Governance) ਉਪਰ ਟਿੱਪਣੀ ਕਰਨ ਨੂੰ ਲੈ ਕੇ ਸਾਬਕਾ ਫੌਜੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਵਿਰੁੱਧ ਮੋਰਚਾ ਖੋਲ੍ਹਿਆ ਗਿਆ ਹੈ, ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਥਾਂ ਥਾਂ 'ਤੇ ਨਾਅਰੇਬਾਜ਼ੀ ਅਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਅੱਜ ਲੁਧਿਆਣਾ ਵਿੱਚ ਸਾਬਕਾ ਫ਼ੌਜੀਆਂ (Ex-Servicemen) ਵੱਲੋਂ ਮੁੱਖ ਮੰਤਰੀ ਪੰਜਾਬ ਦੁਆਰਾ ਕੀਤੀ ਗਈ ਟਿੱਪਣੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਭੜਾਸ ਕਢਦੇ ਹੋਏ ਰੱਜ ਕੇ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਸਾੜਿਆ। ਇਸ ਮੌਕੇ ਪੁਤਲੇ ਨੂੰ ਅੱਗ ਲਗਾਉਣ ਵੇਲੇ ਇਕ ਸਾਬਕਾ ਫੌਜੀ ਵੀ ਅੱਗ ਦੀ ਲਪੇਟ ਵਿੱਚ ਆ ਗਿਆ। ਗਨੀਮਤ ਰਹੀ ਕਿ ਮੌਕੇ 'ਤੇ ਹੋਰਾਂ ਵੱਲੋਂ ਅੱਗ ਉਪਰ ਕਾਬੂ ਪਾ ਲਿਆ ਗਿਆ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਸਾਬਕਾ ਫੌਜੀਆਂ (Ex-Servicemen) ਦਾ ਕਹਿਣਾ ਕਿ ਉਹਨਾਂ ਦੁਆਰਾ ਬਣਾਈ ਗਈ ਸੰਸਥਾ ਨੂੰ ਲੈ ਕੇ ਮੁੱਖ ਮੰਤਰੀ ਨੇ ਟਿੱਪਣੀ ਕਰਕੇ ਉਨ੍ਹਾਂ ਦੇ ਕਿਰਦਾਰ 'ਤੇ ਸ਼ਬਦੀ ਹਮਲਾ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਪ੍ਰਚਾਰ ਰੋਕਣ ਦੇ ਲਈ ਬਣਾਈ ਗਈ ਹੈ ਪਰ ਪੰਜਾਬ ਸਰਕਾਰ ਦੁਆਰਾ ਇਸ ਦੇ ਖਿਲਾਫ਼ ਹੀ ਗਲਤ ਟਿੱਪਣੀ ਕੀਤੀ ਜਾ ਰਹੀ ਹੈ ਜੋ ਕਿ ਉਨ੍ਹਾਂ ਦੇ ਕਿਰਦਾਰ ਉੱਪਰ ਉਂਗਲ ਚੁੱਕਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫੌਜੀਆਂ ਦੇ ਹਿੱਤਾਂ ਦੀ ਰਾਖੀ ਲਈ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ। ਪਰ ਇਸ ਨੂੰ ਬੰਦ ਨਹੀਂ ਕਰਨ ਦਿੱਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਗਾਰਡੀਅਨ ਆਫ਼ ਗਵਰਨੈਂਸ ਸਕੀਮ (GOG Scheme) ਚਲਾਈ ਗਈ ਸੀ, ਜਿਸ ਵਿੱਚ ਸਾਬਕਾ ਫੌਜੀਆਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਫੌਜੀ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਬਾਰੇ ਸਰਕਾਰ ਨੂੰ ਦੱਸਦੇ ਸਨ। ਇਸ 'ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਤਰਾਜ਼ਯੋਗ ਸ਼ਬਦ ਬੋਲ ਕੇ ਨਾ ਸਿਰਫ ਜੀ.ਓ.ਜੀ. ਸਗੋਂ ਸਾਬਕਾ ਫੌਜੀਆਂ ਦਾ ਅਪਮਾਨ ਵੀ ਕੀਤਾ ਹੈ।
- ਰਿਪੋਰਟਰ ਨਵੀਨ ਦੇ ਸਹਿਯੋਗ ਨਾਲ
-PTC News