ਤਿੰਨ ਦਿਨ ਬਾਅਦ ਵੀ ਨਹੀਂ ਮਿਲਿਆ ਸਪਾਈਸ ਜੈੱਟ ਦੇ ਯਾਤਰੀਆਂ ਦਾ ਸਾਮਾਨ, ਲੋਕ ਪਰੇਸ਼ਾਨ
Amritsar To Dubai Direct Flight: ਦੁਬਈ ਤੋਂ ਅੰਮ੍ਰਿਤਸਰ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਦੇ ਯਾਤਰੀਆਂ ਦਾ ਸਾਮਾਨ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਨਹੀਂ ਮਿਲਿਆ ਹੈ। ਯਾਤਰੀਆਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਵੀ ਨਹੀਂ ਦਿੱਤੀ ਜਾ ਰਹੀ ਹੈ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਸਪਾਈਸ ਜੈੱਟ ਦੀ ਦੁਬਈ ਫਲਾਈਟ ਅੰਮ੍ਰਿਤਸਰ ਉਤਰੀ ਸੀ ਅਤੇ ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਸੀ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸਪਾਈਸ ਜੈੱਟ ਨੇ ਆਪਣੇ ਯਾਤਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਆਪਣੇ ਆਪ ਪਹੁੰਚ ਜਾਵੇਗਾ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ। ਯਾਤਰੀ ਜੋਤੀ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਦੁਬਈ 'ਚ ਰਹਿੰਦੀ ਹੈ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਜੰਮੂ ਆਈ ਸੀ। ਉਨ੍ਹਾਂ ਕੋਲ ਸਿਰਫ਼ ਇੱਕ ਛੋਟਾ ਬੈਗ ਮਿਲਿਆ ਹੈ ਅਤੇ ਬਾਕੀ ਗਾਇਬ ਹਨ। ਸਮਾਨ ਵਿੱਚ ਜ਼ਰੂਰੀ ਚੀਜ਼ਾਂ ਹਨ ਅਤੇ ਉਹ ਨਾ ਮਿਲਣ ਕਾਰਨ ਪਰੇਸ਼ਾਨ ਹਨ। ਫਲਾਈਟ 'ਚ ਕਈ ਯਾਤਰੀ ਅਜਿਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਸਾਮਾਨ ਨਹੀਂ ਮਿਲਿਆ ਹੈ। ਇਹ ਵੀ ਪੜ੍ਹੋ: ਭਾਰਤ-ਪਾਕਿਸਤਾਨ ਸਰਹੱਦ 'ਤੇ ਡ੍ਰੋਨ ਨੇ ਮੁੜ ਦਿੱਤੀ ਦਸਤਕ, BSF ਨੇ ਕੀਤੀ 46 ਰਾਉਂਡ ਫਾਇਰਿੰਗ ਜਦੋਂ ਯਾਤਰੀਆਂ ਨੇ ਦੁਬਈ ਸਪਾਈਸ ਜੈੱਟ ਦੇ ਕਰਮਚਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਮਾਨ ਭੇਜ ਦਿੱਤਾ ਹੈ। ਸਾਮਾਨ ਉਨ੍ਹਾਂ ਤੱਕ ਆਪਣੇ ਆਪ ਪਹੁੰਚ ਜਾਵੇਗਾ। ਸਾਮਾਨ ਦਿੱਤੇ ਪਤੇ 'ਤੇ ਕੋਰੀਅਰ ਰਾਹੀਂ ਭੇਜਿਆ ਜਾਵੇਗਾ ਪਰ ਅੰਮ੍ਰਿਤਸਰ ਸਪਾਈਸ ਜੈੱਟ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਾਮਾਨ ਅਜੇ ਨਹੀਂ ਆਇਆ। -PTC News