ਵੱਢੀ ਲੈਂਦੇ ਇੰਪਰੂਵਮੈਂਟ ਟਰੱਸਟ ਦਾ ਈਓ ਤੇ ਕਲਰਕ ਗ੍ਰਿਫ਼ਤਾਰ
ਲੁਧਿਆਣਾ : ਅੱਜ ਇਥੇ ਪੀਟੀਸੀ ਨਿਊਜ਼ ਦੀ ਖ਼ਬਰ ਦਾ ਵੱਡਾ ਅਸਰ ਵੇਖਣ ਨੂੰ ਮਿਲਿਆ। ਕੁਝ ਦਿਨ ਪਹਿਲਾਂ ਪੀਟੀਸੀ ਨਿਊਜ਼ ਨੇ ਇੰਪਰੂਵਮੈਂਟ ਟਰੱਸਟ 'ਚ ਇਕ ਮਹਿਲਾ ਅਫ਼ਸਰ ਵੱਲੋਂ ਇਕ ਵਿਅਕਤੀ ਕੋਲੋਂ ਰਿਸ਼ਵਤ ਮੰਗੀ ਸੀ। ਪੀਟੀਸੀ ਨਿਊਜ਼ ਨੇ ਪੀੜਤ ਨਾਲ ਗੱਲਬਾਤ ਕੀਤੀ ਤੇ ਉਸ ਪੂਰੇ ਮਾਮਲੇ ਨੂੰ ਉਜਾਗਰ ਕੀਤਾ ਸੀ। ਇਸ ਤੋਂ ਬਾਅਦ ਲੁਧਿਆਣਾ ਇੰਪਰੂਵਮੈਂਟ ਟਰੱਸਟ ਵਿੱਚ ਵਿਜੀਲੈਂਸ ਵਿਭਾਗ ਨੇ ਅੱਜ ਛਾਪੇਮਾਰੀ ਦੌਰਾਨ ਇੰਪਰੂਵਮੈਂਟ ਟਰੱਸਟ ਦੀ ਈਓ ਕੁਲਜੀਤ ਕੌਰ ਅਤੇ ਕਲਰਕ ਹਰਮੀਤ ਸਿੰਘ ਨੂੰ ਵਿਜੀਲੈਂਸ ਵਿਭਾਗ ਨੇ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਪਿੰਡ ਹੈਬੋਵਾਲ ਦੇ ਵਸਨੀਕ ਨਵਦੀਪ ਸਿੰਘ ਨੇ ਉਕਤ ਸ਼ਿਕਾਇਤ ਮੁੱਖ ਮੰਤਰੀ, ਡਾਇਰੈਕਟਰ ਵਿਜੀਲੈਂਸ ਅਤੇ ਐਸਐਸਪੀ ਲੁਧਿਆਣਾ ਵਿਜੀਲੈਂਸ ਨੂੰ 7 ਅਪ੍ਰੈਲ ਨੂੰ ਭੇਜੀ ਸੀ। ਜਿਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਹੈਬੋਵਾਲ ਦੀ ਜ਼ਮੀਨ ਨਗਰ ਸੁਧਾਰ ਟਰੱਸਟ ਵੱਲੋਂ ਐਕੁਆਇਰ ਕੀਤੀ ਗਈ ਹੈ। ਜਿਸ 'ਤੇ ਨੰਬਰ ਲਗਾਏ ਹੋਏ ਸਨ। ਜਦੋਂ ਉਹ ਉਕਤ ਪਲਾਟ ਦਾ ਨਕਸ਼ਾ ਪਾਸ ਕਰਵਾਉਣ ਲਈ ਗਿਆ ਤਾਂ ਇਕ ਮਹਿਲਾ ਅਧਿਕਾਰੀ ਨੇ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ। ਜਿਸ ਲਈ ਉਸ ਨੇ ਪੰਜ ਲੱਖ ਰੁਪਏ ਦਿੱਤੇ ਸਨ ਅਤੇ ਬਾਕੀ ਰਕਮ ਬਾਅਦ ਵਿੱਚ ਅਦਾ ਕੀਤੀ ਜਾਣੀ ਸੀ। ਲੁਧਿਆਣਾ ਦੇ ਕਿਚਲੂ ਨਗਰ ਇਲਾਕੇ ਵਿਚ ਰਹਿਣ ਵਾਲੇ ਨਵਦੀਪ ਸਿੰਘ ਨੇ ਅਪ੍ਰੈਲ ਮਹੀਨੇ ਵਿੱਚ ਇੰਪਰੂਵਮੈਂਟ ਟਰੱਸਟ ਦੇ ਵਿੱਚ ਆਪਣੇ ਇੱਕ ਹਜ਼ਾਰ ਗਜ਼ ਦੇ ਪਲਾਟ ਦੀ ਐੱਨਓਸੀ ਵਾਸਤੇ ਇਕ ਐਪਲੀਕੇਸ਼ਨ ਲਾਈ ਸੀ। ਰਿਸ਼ਵਤ ਮੰਗੇ ਜਾਣ ਉਤੇ ਪੀੜਤ ਨਵਦੀਪ ਨੇ ਈਓ ਕੁਲਜੀਤ ਕੌਰ ਨੂੰ ਪੰਜ ਲੱਖ ਰੁਪਏ ਦੇ ਦਿੱਤੇ ਪਰ ਈਓ ਨੇ ਨਵਦੀਪ ਸਿੰਘ ਦਾ ਕੰਮ ਫਿਰ ਵੀ ਨਹੀਂ ਕਰਵਾਇਆ। ਇਸ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਅਤੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਈਓ ਕੁਲਜੀਤ ਕੌਰ ਪਿਛਲੇ 15 ਦਿਨਾਂ ਤੋਂ ਡਿਊਟੀ 'ਤੇ ਨਹੀਂ ਆ ਰਹੀ ਸੀ। ਵੀਰਵਾਰ ਸਵੇਰੇ ਹੀ ਉਹ ਬੈਠੀ ਸੀ ਜਦੋਂ ਵਿਜੀਲੈਂਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੀਟੀਸੀ ਨਿਊਜ਼ ਨੇ ਇਸ ਪੂਰੇ ਮਾਮਲੇ ਨੂੰ ਪ੍ਰਮੁੱਖਤਾ ਦੇ ਨਾਲ ਚੁੱਕਿਆ ਸੀ। ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਹਰਕਤ ਵਿਚ ਆਇਆ ਅਤੇ ਵਿਜੀਲੈਂਸ ਵਿਭਾਗ ਨੇ ਇੰਪਰੂਵਮੈਂਟ ਟਰੱਸਟ ਵਿੱਚ ਛਾਪੇਮਾਰੀ ਕਰ ਕੇ ਕੁਲਜੀਤ ਕੌਰ ਈਓ ਤੇ ਕਲਰਕ ਹਰਮੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮਹਿਲਾਵਾਂ ਲਈ ਲਾਜ਼ਮੀ ਹੋਇਆ ਹੈਲਮੇਟ, ਸਿਰਫ਼ ਦਸਤਾਰਧਾਰੀ ਸਿੱਖ ਬੀਬੀਆਂ ਨੂੰ ਛੋਟ