ਜਲੰਧਰ ਦੇ ਸਿਵਲ ਸਰਜਨ ਦਫਤਰ ਨੂੰ ਮੁਲਾਜ਼ਮਾਂ ਨੇ ਲਗਾਇਆ ਤਾਲਾ
ਜਲੰਧਰ : ਜਲੰਧਰ ਦੇ ਸਿਵਲ ਸਰਜਨ ਦਫਤਰ ਨੂੰ ਅੱਜ ਮੁਲਾਜ਼ਮਾਂ ਵੱਲੋਂ ਤਾਲਾ ਲਗਾ ਦਿੱਤਾ ਗਿਆ ਹੈ। ਤਨਖਾਹ ਨਾ ਮਿਲਣ ਕਾਰਨ ਸਿਵਲ ਸਰਜਨ ਦਫਤਰ ਦੇ ਮੁਲਾਜ਼ਮ ਦੋ ਦਿਨ ਤੋਂ ਰੋਸ ਧਰਨਾ ਦੇ ਰਹੇ ਹਨ। ਜਦੋਂ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 3 ਮਹੀਨਿਆਂ ਤੋਂ ਸਿਵਲ ਸਰਜਨ ਦੇ ਮੁਲਾਜ਼ਮਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਵਾਰ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਪਰ ਅਜੇ ਤੱਕ ਉਨ੍ਹਾਂ ਦੀ ਤਨਖ਼ਾਹ ਨਹੀਂ ਆਈ। ਇਸ ਕਾਰਨ ਉਨ੍ਹਾਂ ਅੱਜ ਸਿਵਲ ਹਸਪਤਾਲ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਹੈ। ਉਨ੍ਹਾਂ ਨੇ ਦਫਤਰ ਨੂੰ ਤਾਲਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸਿਵਲ ਸਰਜਨ ਦਫਤਰ ਦੇ ਬਾਹਰ ਸਿਹਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ ਸੀ। ਤਨਖ਼ਾਹ ਨਾ ਮਿਲਣ ਤੋਂ ਪਰੇਸ਼ਾਨ ਸਿਵਲ ਸਰਜਨ ਦਫਤਰ ਜਲੰਧਰ ਦੇ ਡਾਕਟਰਾਂ ਤੇ ਮੁਲਾਜ਼ਮਾਂ ਨੇ ਸੜਕੀ ਆਵਾਜਾਈ ਰੋਕ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਸੀ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਉਤੇ ਮੁਲਾਜ਼ਮ ਮਾਰੂ ਨੀਤੀਆਂ ਲਾਗੂ ਕਰਨ ਦੇ ਦੋਸ਼ ਲਗਾਏ ਸਨ। ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ। ਸਿਵਲ ਸਰਜਨ ਦਫ਼ਤਰ ਜਲੰਧਰ ਦੇ ਢਾਈ ਸੌ ਤੋਂ ਵੱਧ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਉਨ੍ਹਾਂ ਨੇ ਇਸ ਸਮੇਂ ਦੋਸ਼ ਲਗਾਏ ਕਿ ਅਧਿਕਾਰੀਆਂ ਦੇ ਰੌਲੇ ਵਿੱਚ ਮੁਲਾਜ਼ਮਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ ਤਨਖਾਹ ਰੋਕ ਕੇ ਮੁਲਾਜ਼ਮਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਾਬਿਲੇਗੌਰ ਹੈ ਕਿ ਕੁਝ ਸਾਲ ਪਹਿਲਾਂ ਇਕ ਡਾਕਟਰ ਵੱਲੋਂ ਕੀਤੀ ਗਈ ਧੋਖਾਧੜੀ ਦੇ ਮਾਮਲੇ ਵਿੱਚ ਵਿਜੀਲੈਂਸ ਇਨਕੁਆਰੀ ਕਾਰਨ ਪੂਰੇ ਦਫਤਰ ਦੀ ਤਨਖ਼ਾਹ ਰੋਕ ਲਈ ਗਈ। ਤਨਖਾਹਾਂ ਨਾ ਮਿਲਣ ਕਾਰਨ ਪੈਰਾ ਮੈਡੀਕਲ ਤੇ ਕਲੈਰੀਕਲ ਸਟਾਫ ਵਿੱਚ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਵੀ ਨਹੀਂ ਕੀਤਾ ਜਾ ਰਿਹਾ ਹੈ। ਇਸ ਕਾਰਨ ਲੰਮੇ ਸਮੇਂ ਤੋਂ ਕੰਮ ਕਰ ਰਹੇ ਮੁਲਾਜ਼ਮ ਨਿਗੁਣੀਆਂ ਤਨਖਾਹਾਂ ਉਤੇ ਕੰਮ ਕਰਨ ਲਈ ਮਜਬੂਰ ਹੈ। ਇਹ ਵੀ ਪੜ੍ਹੋ : ਸੈਰ ਕਰਨ ਗਏ ਨੌਜਵਾਨ ਉਤੇ ਚੱਲੀ ਗੋਲ਼ੀ, ਵਾਲ-ਵਾਲ ਹੋਇਆ ਬਚਾਅ