ਸ਼੍ਰੋਮਣੀ-ਬਸਪਾ ਗੱਠਜੋੜ ਵੱਲੋਂ ਚੋਣ ਮਨੋਰਥ ਪੱਤਰ ਜਾਰੀ, ਵਿਸਥਾਰ ਵਿੱਚ ਜਾਣੋ
ਮੋਹਾਲੀ: ਅਕਾਲੀ-ਬਸਪਾ ਗੱਠਜੋੜ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਵੱਖ ਵੱਖ ਮੁੱਖ ਅਕਾਲੀ-ਬਸਪਾ ਆਗੂ ਇਸ ਸੰਮੇਲਨ ਵਿੱਚ ਸ਼ਾਮਿਲ ਸਨ। ਪੰਜਾਬ ਵਿੱਚ ਪਿੱਛਲੀ ਅਕਾਲੀ ਸਰਕਾਰ ਸਮੇਂ ਬੇਮਿਸਾਲ ਵਿਕਾਸ ਹੋਇਆ ਸੀ, ਜਦੋਂ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਇਆ ਗਿਆ ਤੇ 4/6 ਲੇਨ ਸੜਕਾਂ-ਹਾਈਵੇਅ, ਅੰਤਰਰਾਸ਼ਟਰੀ ਹਵਾਈ ਅੱਡੇ, ਮੈਰੀਟੋਰੀਅਸ ਸਕੂਲ ਅਤੇ ਗਰੀਬਾਂ ਲਈ 'ਸਸਤਾ ਆਟਾ-ਦਾਲ਼' ਇਹ ਸਭ ਮੁਹੱਈਆ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ 6 ਮੁੱਖ ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿੱਚ 1. ਚੰਡੀਗੜ੍ਹ ਅਤੇ ਹੋਰ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਤਬਦੀਲ ਕਰਨਾ 2. ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ 3. ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨਾ 4. 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣੀ 5. ਮਾਂ-ਬੋਲੀ ਪੰਜਾਬੀ ਦਾ ਮਾਣ ਕਾਇਮ ਰੱਖਣਾ 6. ਨਾਲ ਹੀ ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿਵਾਉਣਾ ਉੱਤੇ ਦਿੱਤੀਆਂ ਇਨ੍ਹਾਂ 6 ਮੰਗਾਂ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਇਸ ਦੇ ਨਾਲ ਅਕਾਲੀ-ਬਸਪਾ ਗੱਠਜੋੜ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਐਲਾਨਿਆ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਕੱਚੇ ਘਰਾਂ ਵਾਲਿਆਂ ਨੂੰ ਸਰਕਾਰ 5 ਲੱਖ ਪੱਕੇ ਘਰ ਬਣਾ ਕੇ ਦੇਵਗੀ, ਬੇਘਰੇ ਪਰਿਵਾਰਾਂ ਨੂੰ 5 ਮਰਲੇ ਦੇ ਮੁਫ਼ਤ ਪਲਾਟ ਵੰਡੇ ਜਾਣਗੇ। ਤਕਨੀਕੀ ਇਨਕਲਾਬ ਦੀ ਗੱਲ ਕਰਦਿਆਂ ਉਨ੍ਹਾਂ ਐਲਾਨਿਆ ਕਿ ਸੋਲਰ ਪੈਨਲ ਜਾਨੀ ਸੂਰਜੀ ਊਰਜਾ ਇਨਕਲਾਬ ਲਿਆਇਆ ਜਾਵੇਗਾ ਜਿਸ ਨਾਲ 'ਜ਼ੀਰੋ ਬਿਜਲੀ ਬਿੱਲ' ਯਕੀਨੀ ਬਣਾਏ ਜਾਣਗੇ। ਇਸ ਦੇ ਨਾਲ ਹਿੰਦੂ ਭਾਈਚਾਰੇ ਅਤੇ ਦਲਿਤ ਭਾਈਚਾਰੇ ਨੂੰ ਅਹਿਮ ਅਸਥਾਨ ਦਿੰਦਿਆਂ ਇਹ ਵੱਡਾ ਵਾਅਦਾ ਕੀਤਾ ਗਿਆ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਦੋ ਉੱਪ ਮੁੱਖ-ਮੰਤਰੀ ਹੋਣਗੇ ਜਿਨ੍ਹਾਂ ਵਿੱਚੋਂ ਇੱਕ ਹਿੰਦੂ ਭਾਈਚਾਰੇ ਤੋਂ ਅਤੇ ਇੱਕ ਦਲਿਤ ਭਾਈਚਾਰੇ ਤੋਂ ਹੋਵੇਗਾ। ਇਸ ਦੇ ਨਾਲ ਨੀਲੇ ਕਾਰਡ ਧਾਰਕ ਪਰਿਵਾਰਾਂ ਦੀਆਂ ਮੁਖੀ ਔਰਤਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਵੰਡਿਆ ਜਾਵੇਗਾ। ਹਰ ਘਰ ਲਈ 800 ਯੂਨਿਟ ਮੁਫ਼ਤ ਬਿਜਲੀ ਪ੍ਰਤੀ ਬਿੱਲ ਪ੍ਰਧਾਨ ਹੋਵੇਗਾ। ਸਾਰਿਆਂ ਲਈ 10 ਲੱਖ ਰੁਪਏ ਦਾ ਸਿਹਤ ਬੀਮਾ ਕਰਵਾਇਆ ਜਾਵੇਗਾ। ਹਰ ਜ਼ਿਲ੍ਹੇ ਵਿੱਚ ਸੁਪਰ ਸਪੈਸ਼ਲਿਟੀ ਸੁਵਿਧਾਵਾਂ ਵਾਲਾ 500 ਬੈੱਡ ਦਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸਥਾਪਿਤ ਹੋਣਗੇ। ਲੋੜਵੰਦ ਵਿਦਿਆਰਥੀਆਂ ਨੂੰ 10 ਲੱਖ ਰੁਪਏ ਤੱਕ ਦਾ ਵਿਦਿਆਰਥੀ ਕਾਰਡ ਮੁਹਈਆ ਕਰਵਾਇਆ ਜਾਵੇਗਾ। ਸ਼ਗਨ ਸਕੀਮ ਤਹਿਤ ਨਵ ਵਿਹੁਤਾ ਲਈ 75 ਹਜ਼ਾਰ ਰੁਪਏ ਅਤੇ ਬੁਜ਼ੁਰਗਾਂ ਲਈ ਬੁਢਾਪਾ ਪੈਨਸ਼ਨ ਤਹਿਤ 3100 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕੀਤੇ ਜਾਣਗੇ। ਪੂਰੀ ਵੀਡੀਓ ਦੇਖੋ ਇਸ ਤੋਂ ਇਲਾਵਾ 7ਵੇਂ ਤਨਖ਼ਾਹ-ਕਮਿਸ਼ਨ ਦੀ ਤੱਰੁਟੀਆਂ ਦੂਰ ਕਰਕੇ ਸਿਫ਼ਾਰਿਸ਼ਾਂ ਲਾਗੂ ਹੋਣਗੀਆਂ, ਸਰਕਾਰੀ ਕਰਮਚਾਰੀਆਂ ਲਈ 2004 ਵਾਲੀ ਪੈਨਸ਼ਨ ਸਕੀਮ ਨੂੰ ਪੁਨਰ-ਸੁਰਜੀਤ ਕੀਤਾ ਜਾਵੇਗਾ, ਠੇਕਾ ਅਧਾਰਿਤ/ਆਉਟਸੋਰਸ ਕਰਮਚਾਰੀ/ਸਫ਼ਾਈ ਕਰਮਚਾਰੀਆਂ ਪੱਕਾ ਕੀਤਾ ਜਾਵੇਗਾ। ਫ਼ਲ, ਸਬਜ਼ੀਆਂ ਅਤੇ ਦੁੱਧ 'ਤੇ ਐੱਮ.ਐੱਸ.ਪੀ ਸਥਾਪਿਤ ਹੋਵੇਗੀ, ਫਸਲ ਬੀਮਾ 50 ਹਜ਼ਾਰ ਰੁਪਏ ਪ੍ਰਤੀ ਏਕੜ, ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ, ਜ਼ਮੀਨਦੋਜ ਪਾਣੀ ਦੀਆਂ ਪਾਈਪਾਂ ਰਾਂਹੀ ਸਿੰਚਾਈ, ਪ੍ਰਣਾਲੀ ਕੰਢੀ ਖੇਤਰ ਵਿਕਾਸ ਮੰਤਰਾਲਾ ਵਰਗੇ ਵਾਅਦੇ ਕੀਤੇ ਗਏ ਹਨ। ਇਸ ਸੰਮੇਲਨ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜਿੱਥੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁੱਲ੍ਹੀਆਂ ਬਾਹਾਂ ਨਾਲ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ। ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। -PTC News