ਪੰਜਾਬ ਵੱਲੋਂ ਚੋਣਾਂ ਮੁਲਤਵੀ ਕਰਨ ਦੀ ਅਪੀਲ 'ਤੇ ਅੱਜ ਚੋਣ ਕਮਿਸ਼ਨ ਦੀ ਮੀਟਿੰਗ
ਨਵੀਂ ਦਿੱਲੀ: ਕਈ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਬੇਨਤੀ ਅਨੁਸਾਰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਮੁਲਤਵੀ ਕੀਤੀਆਂ ਜਾ ਸਕਦੀਆਂ ਹਨ ਜਾਂ ਨਹੀਂ, ਇਸ ਬਾਰੇ ਅੱਜ ਚੋਣ ਕਮਿਸ਼ਨ ਦੀ ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਕਮਿਸ਼ਨ ਨੂੰ ਲਿਖੇ ਪੱਤਰ ਵਿੱਚ ਸੁਝਾਅ ਦਿੱਤਾ ਕਿ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਗੁਰੂ ਰਵਿਦਾਸ ਜੈਅੰਤੀ ਦੇ ਮੱਦੇਨਜ਼ਰ ਘੱਟੋ-ਘੱਟ ਛੇ ਦਿਨਾਂ ਲਈ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਪੱਤਰ ਵਿੱਚ ਚੰਨੀ ਨੇ ਕਿਹਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੇ ਨੁਮਾਇੰਦਿਆਂ, ਜਿਸ ਵਿੱਚ ਪੰਜਾਬ ਦੀ 32 ਫੀਸਦੀ ਆਬਾਦੀ ਹੈ, ਨੇ ਉਨ੍ਹਾਂ ਨੂੰ ਦੱਸਿਆ ਕਿ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਲੋਕ 10 ਤੋਂ 16 ਫਰਵਰੀ ਤੱਕ ਉੱਤਰ ਪ੍ਰਦੇਸ਼ ਦੇ ਬਨਾਰਸ ਦਾ ਦੌਰਾ ਕਰਨਗੇ। ਜਿਸ ਕਰਕੇ ਉਹ ਵੋਟ ਪਾਉਣ ਦੇ ਯੋਗ ਨਹੀਂ ਹੋਣਗੇ। ਐਤਵਾਰ ਨੂੰ ਮੁੱਖ ਚੋਣ ਕਮਿਸ਼ਨਰ ਨੂੰ ਲਿਖੇ ਇੱਕ ਪੱਤਰ ਵਿੱਚ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ, "ਰਾਜ ਵਿੱਚ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਦੀ ਕਾਫ਼ੀ ਆਬਾਦੀ ਹੈ, ਜਿਸ ਵਿੱਚ ਅਨੁਸੂਚਿਤ ਜਾਤੀ ਦੇ ਭਾਈਚਾਰਾ ਵੀ ਸ਼ਾਮਲ ਹਨ, ਜੋ ਕਿ ਕੁੱਲ ਆਬਾਦੀ ਦਾ ਲਗਭਗ 32 ਪ੍ਰਤੀਸ਼ਤ ਹਨ। ਪੰਜਾਬ ਤੋਂ ਇਸ ਪਵਿੱਤਰ ਮੌਕੇ 'ਤੇ ਲੱਖਾਂ ਸ਼ਰਧਾਲੂ ਗੁਰਪਰਬ ਮਨਾਉਣ ਲਈ ਉੱਤਰ ਪ੍ਰਦੇਸ਼ ਦੇ ਬਨਾਰਸ ਵਿਖੇ ਜਾਣਗੇ, ਇਸ ਲਈ ਉਨ੍ਹਾਂ ਲਈ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣਾ ਸੰਭਵ ਨਹੀਂ ਹੋਵੇਗਾ" ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਸਮੇਤ ਭਾਜਪਾ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੇ ਵੀ ਚੋਣ ਕਮਿਸ਼ਨ ਨੂੰ ਪੰਜਾਬ ਵਿੱਚ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਪੰਜਾਬ ਆਮ ਆਦਮੀ ਪਾਰਟੀ ਦੇ ਮੁਖੀ ਭਗਵੰਤ ਮਾਨ ਨੇ ਟਵੀਟ ਕਰਕੇ ਆਪਣੀ ਪਾਰਟੀ ਵੱਲੋਂ ਚੋਣ ਕਮਿਸ਼ਨ ਨੂੰ ਚੋਣਾਂ ਇੱਕ ਹਫ਼ਤੇ ਲਈ ਟਾਲਣ ਦੀ ਬੇਨਤੀ ਕੀਤੀ ਹੈ। ਪੰਜਾਬ 'ਚ 14 ਫਰਵਰੀ ਨੂੰ ਇਕੋ ਪੜਾਅ 'ਚ ਵੋਟਿੰਗ ਹੋਣੀ ਹੈ ਜਿਸਦੀ ਗਿਣਤੀ 10 ਮਾਰਚ ਨੂੰ ਤੈਅ ਹੈ। - PTC