Punjab Election 2022: ਚੋਣ ਕਮਿਸ਼ਨ ਨੇ ਚੋਣ ਰੈਲੀਆਂ 'ਤੇ ਵਧਾਈ 11 ਫਰਵਰੀ ਤੱਕ ਰੋਕ
ਚੰਡੀਗੜ੍ਹ: ਪੰਜ ਸੂਬਿਆਂ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਭਾਰਤੀ ਚੋਣ ਕਮਿਸ਼ਨ ਨੇ ਸਿਆਸੀ ਰੈਲੀਆਂ ਅਤੇ ਜਨਤਕ ਮੀਟਿੰਗਾਂ ਨੂੰ ਲੈ ਕੇ ਕੁਝ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਹੁਣ ਚੋਣ ਕਮਿਸ਼ਨ ਨੇ ਸਿਆਸੀ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀ 11 ਫਰਵਰੀ ਤੱਕ ਵਧਾ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਨੇ ਕੋਰੋਨਾ ਕਰਕੇ ਲਾਈਆਂ ਪਾਬੰਦੀਆਂ ਤੋਂ ਸਿਆਸੀ ਪਾਰਟੀਆਂ ਨੂੰ ਕੁਝ ਰਾਹਤ ਦਿੱਤੀ ਹੈ। ਸਿਆਸੀ ਪਾਰਟੀਆਂ ਹੁਣ ਇੱਕ ਹਜ਼ਾਰ ਲੋਕਾਂ ਤੱਕ ਇਕੱਠ ਕਰਕੇ ਚੋਣ ਮੀਟਿੰਗਾਂ ਕਰ ਸਕਣਗੀਆਂ। ਇਸ ਦੇ ਨਾਲ ਹੀ ਘਰ-ਘਰ ਪ੍ਰਚਾਰ ਲਈ 20 ਲੋਕ ਇਕੱਠੇ ਜਾ ਸਕਦੇ ਹਨ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਨਡੋਰ ਵਿੱਚ 500 ਲੋਕਾਂ ਦੀ ਮੀਟਿੰਗ ਕਰਨ ਦੀ ਛੋਟ ਹੋਵੇਗੀ। ਡੋਰ-ਟੂ-ਡੋਰ ਪ੍ਰਚਾਰ ਲਈ ਹੁਣ 10 ਦੀ ਬਜਾਏ 20 ਲੋਕ ਜਾ ਸਕਦੇ ਹਨ। ਇਸ ਤੋਂ ਇਲਾਵਾ 300 ਦੀ ਬਜਾਏ 500 ਲੋਕ ਇਨਡੋਰ ਮੀਟਿੰਗ ਕਰ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੰਜ ਰਾਜਾਂ ਵਿੱਚ 22 ਜਨਵਰੀ ਤੱਕ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਫਿਰ ਇਸ ਨੂੰ ਵਧਾ ਕੇ 31 ਜਨਵਰੀ ਕਰ ਦਿੱਤਾ ਗਿਆ ਸੀ । ਚੋਣ ਕਮਿਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਰੋਡ ਸ਼ੋਅ, ਪੈਦਲ ਯਾਤਰਾ, ਕਿਸੇ ਵੀ ਤਰ੍ਹਾਂ ਦੀ ਰੈਲੀ, ਜਲੂਸ ਆਦਿ ਦੀ ਆਗਿਆ ਨਹੀਂ ਦਿੱਤੀ ਗਈ ਸੀ। ਚੋਣ ਕਮਿਸ਼ਨ ਵੱਲੋਂ 8 ਜਨਵਰੀ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਲਈ ਚੋਣਾਂ ਦੇ ਐਲਾਨ ਦੌਰਾਨ ਫਿਜ਼ੀਕਲ ਰੈਲੀ ਤੇ ਰੋਡ ਸ਼ੋਅ 'ਤੇ ਪਾਬੰਦੀ ਲਗਾਈ ਗਈ ਸੀ। ਗੌਰਤਲਬ ਹੈ ਕਿ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਤੋਂ ਲਗਾਤਾਰ ਵੱਡੀਆਂ ਰੈਲੀਆਂ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਵੱਡੀਆਂ ਰੈਲੀਆਂ 'ਤੇ ਪਾਬੰਦੀ ਜਾਰੀ ਰੱਖੀ ਗਈ ਹੈ। ਪੰਜ ਸੂਬਿਆਂ 'ਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਨੀਪੁਰ ਅਤੇ ਗੋਆ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ 10 ਫਰਵਰੀ ਤੋਂ 7 ਮਾਰਚ ਦਰਮਿਆਨ ਹੋਵੇਗੀ। ਪੰਜ ਰਾਜਾਂ ਵਿੱਚ ਚੋਣਾਂ 7 ਪੜਾਵਾਂ ਵਿੱਚ ਮੁਕੰਮਲ ਹੋਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। -PTC News