ਲੜਕੀਆਂ ਕੋਲੋਂ ਐਕਟਿਵਾ ਖੋਹਣ ਦਾ ਵਿਰੋਧ ਕਰਨ 'ਤੇ ਬਜ਼ੁਰਗ ਦੀ ਕੀਤੀ ਹੱਤਿਆ
ਅੰਮ੍ਰਿਤਸਰ:
ਅੰਮ੍ਰਿਤਸਰ 'ਚ ਲੁੱਟ ਦੀ ਵਾਰਦਾਤ ਨੂੰ ਰੋਕਣ ਲਈ ਇਕ ਬਜ਼ੁਰਗ ਵਿਅਕਤੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਦਰਅਸਲ ਪਿੰਡ ਭੇਣਿਆਂ 'ਚ ਐਕਟਿਵਾ 'ਤੇ ਜਾ ਰਹੀਆਂ ਦੋ ਲੜਕੀਆਂ ਨੂੰ ਰੋਕ ਲਿਆ ਅਤੇ ਪਿਸਤੌਲ ਦੇ ਜ਼ੋਰ ਉਤੇ ਉਨ੍ਹਾਂ ਤੋਂ ਐਕਟਿਵਾ ਖੋਹੀ ਜਾ ਰਹੀ ਸੀ। ਉਥੇ ਕੋਲ ਖੜ੍ਹੇ ਬਜ਼ੁਰਗ ਹਰਜਿੰਦਰ ਸਿੰਘ ਨੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਉਕਤ ਨੌਜਵਾਨਾਂ ਨੇ ਬਜ਼ੁਰਗ ਉਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲੁਟੇਰੇ ਉਥੋਂ ਫ਼ਰਾਰ ਹੋ ਗਏ। ਗੁਰਮੇਜ ਸਿੰਘ ਪੁੱਤਰ ਚਰਨ ਸਿੰਘ ਵੱਲੋਂ ਥਾਣਾ ਮਜੀਠਾ ਵਿਖੇ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ।
ਪੰਜਾਬ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਪੁਲਿਸ ਦੀ ਨੱਕ ਹੇਠ ਅਪਰਾਧੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਅਪਰਾਧੀ ਸ਼ਰੇਆਮ ਫ਼ਰਾਰ ਹੋ ਜਾਂਦੇ ਹਨ ਕਿ ਪੁਲਿਸ ਦੇਖਦੀ ਹੀ ਰਹਿ ਜਾਂਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਭੇਣਿਆਂ ਦਾ ਹੈ ਜਿਥੇ ਇਕ ਬਜ਼ੁਰਗ ਵਿਅਕਤੀ ਨੂੰ ਲੁੱਟਣ ਦੀ ਵਾਰਦਾਤ ਨੂੰ ਰੋਕਣਾ ਮਹਿੰਗਾ ਪੈ ਗਿਆ।
ਮ੍ਰਿਤਕ ਦੇ ਭਰਾ ਗੁਰਮੇਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁੜੀਆਂ ਕੋਲੋਂ ਐਕਟਿਵਾ ਖੋਹ ਰਹੇ ਸਨ ਤਾਂ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਜੱਸੀ ਨੇ ਆਪਣੇ ਰਿਵਾਲਵਰ ਨਾਲ ਹਰਜਿੰਦਰ ਸਿੰਘ ਪੁੱਤਰ ਚਰਨ ਸਿੰਘ 'ਤੇ ਫਾਇਰਿੰਗ ਸ਼ਰੂ ਕਰ ਦਿੱਤੀ। ਗੋਲ਼ੀ ਉਸ ਦੀ ਛਾਤੀ 'ਤੇ ਖੱਬੇ ਪਾਸੇ ਲੱਗੀ ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ ਤੇ ਜ਼ਮੀਨ 'ਤੇ ਡਿੱਗ ਪਿਆ। ਉਸ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਮਲਾਵਰ ਜਸਮੀਤ ਸਿੰਘ ਉਰਫ ਜੱਸੀ ਤੇ ਹਰਜਿੰਦਰ ਸਿੰਘ ਲੜਕੀਆਂ ਦੀ ਐਕਟਿਵਾ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਬਿਆਨਾਂ ਦੇ ਆਧਾਰ 'ਤੇ ਦੋਵੇਂ ਹਮਲਾਵਰਾਂ ਜਸਮੀਤ ਸਿੰਘ ਉਰਫ ਜੱਸੀ ਤੇ ਹਰਜਿੰਦਰ ਸਿੰਘ ਖਿਲਾਫ਼ ਥਾਣਾ ਮਜੀਠਾ ਵਿਖੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਵੇਂ ਹਮਲਾਵਰਾਂ ਦੀ ਭਾਲ 'ਚ ਛਾਪਾਮਾਰੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼ਰੇਆਮ ਹੋ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪੰਜਾਬ ਵਿੱਚ ਰੋਜ਼ਾਨਾ ਲੁੱਟ-ਖੋਹ ਤੇ ਹੱਤਿਆਵਾਂ ਦੀ ਵਾਰਦਾਤਾਂ ਵਾਪਰ ਰਹੀਆਂ ਹਨ। ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਘੱਟ ਸਾਬਿਤ ਹੋ ਰਹੀਆਂ ਹਨ।