ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਅੱਜ ਚੁੱਕਣਗੇ ਸਹੁੰ
ਮੁੰਬਈ, 30 ਜੂਨ (ਏ.ਐਨ.ਆਈ.): ਊਧਵ ਠਾਕਰੇ ਵੱਲੋਂ 31 ਮਹੀਨੇ ਦੇ ਕਾਰਜਕਾਲ ਨੂੰ ਖਤਮ ਕਰਨ ਦੇ ਨਾਲ ਚੋਟੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਇਕ ਦਿਨ ਬਾਅਦ, ਬਾਗ਼ੀ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਦੇਵੇਂਦਰ ਫੜਨਵੀਸ ਨੇ ਵੀਰਵਾਰ ਨੂੰ ਰਾਜ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਐਲਾਨ ਕੀਤਾ। ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਪ੍ਰਿਆ ਪਵਾਰ ਦੀ ਇਟਲੀ 'ਚ ਭੇਦਭਰੀ ਹਾਲਾਤ 'ਚ ਹੋਈ ਮੌਤ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸ਼ਿੰਦੇ ਦਾ ਸਹੁੰ ਚੁੱਕ ਸਮਾਗਮ ਅੱਜ ਸ਼ਾਮ 7.30 ਵਜੇ ਹੋਵੇਗਾ। ਫੜਨਵੀਸ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ, ''ਏਕਨਾਥ ਸ਼ਿੰਦੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ, ਅੱਜ ਸ਼ਾਮ 7.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਵਰਤਮਾਨ ਵਿੱਚ, 288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਦੇ 106 ਵਿਧਾਇਕ ਹਨ ਅਤੇ ਸ਼ਿੰਦੇ ਸ਼ਿਵ ਸੈਨਾ ਦੇ 39 ਬਾਗੀ ਵਿਧਾਇਕਾਂ ਅਤੇ ਕੁਝ ਆਜ਼ਾਦ ਵਿਧਾਇਕਾਂ ਦੀ ਅਗਵਾਈ ਕਰ ਰਹੇ ਹਨ। ਹਾਲ ਹੀ ਵਿੱਚ ਸ਼ਿਵ ਸੈਨਾ ਦੇ ਇੱਕ ਵਿਧਾਇਕ ਦੀ ਮੌਤ ਤੋਂ ਬਾਅਦ ਵਿਧਾਨ ਸਭਾ ਦੀ ਮੌਜੂਦਾ ਗਿਣਤੀ 287 ਰਹਿ ਗਈ ਹੈ, ਇਸ ਤਰ੍ਹਾਂ ਬਹੁਮਤ ਦਾ ਅੰਕੜਾ 144 ਹੋ ਗਿਆ ਹੈ। ਇਹ ਵੀ ਪੜ੍ਹੋ: 'ਅਗਨੀਪਥ ਸਕੀਮ' ਵਿਰੁੱਧ ਮਤਾ ਪਾਸ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਚੋਣਾਂ ਤੋਂ ਬਾਅਦ ਊਧਵ ਠਾਕਰੇ ਖਿਲਾਫ ਬਗਾਵਤ ਦੀ ਅਗਵਾਈ ਕਰ ਰਹੇ ਸ਼ਿੰਦੇ ਨੇ ਅੱਜ ਫੜਨਵੀਸ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਅੱਜ ਸ਼ਿੰਦੇ ਕੈਂਪ ਦੇ ਬੁਲਾਰੇ ਦੀਪਕ ਕੇਸਰਕਰ ਨੇ ਕਿਹਾ ਕਿ ਬਾਗੀਆਂ ਨੇ ਸ਼ਿੰਦੇ ਨੂੰ ਸਰਕਾਰ ਵਿੱਚ ਮੰਤਰੀ ਮੰਡਲ ਦੀ ਵੰਡ ਬਾਰੇ ਫੈਸਲਾ ਲੈਣ ਦਾ ਪੂਰਾ ਅਧਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਗ਼ਾਵਤ ਮੰਤਰੀ ਮੰਡਲ ਲਈ ਨਹੀਂ, ਸਗੋਂ ਸੂਬੇ ਦੇ ਵਿਕਾਸ ਲਈ ਕੀਤੀ ਹੈ। -PTC News