ਸਿੱਖਿਆ ਮੰਤਰੀ ਦੀ ਝੋਲੀ ਫੇਰ "ਡਿਸਲਾਈਕ" ਨਾਲ ਭਰੀ
ਚੰਡੀਗੜ੍ਹ:ਪਿਛਲੇ ਦਿਨੀਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਪੰਜਾਬ ਦੇ ਸਿੱਖਿਆ ਢਾਂਚੇ ਬਾਰੇ ਲਾਈਵ ਗੱਲਬਾਤ ਕੀਤੀ। ਜਿਸ ਵਿਚ ਕਾਂਗਰਸ ਸਰਕਾਰ ਦੀਆਂ ਸਿੱਖਿਆ ਦੇ ਖੇਤਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਕਰਵਾਏ ਇਕ ਸਰਵੇ (ਪੀ ਜੀ ਆਈ) ਵਿਚ ਪੰਜਾਬ ਨੂੰ ਪਹਿਲੇ ਸਥਾਨ ਵਾਲੀ ਸੂਚੀ ਵਿਚ ਵਿਖਾਇਆ ਗਿਆ ਸੀ। ਪ੍ਰੰਤੂ ਇਸ ਨੂੰ ਅੰਕੜਿਆਂ ਦੀ ਖੇਡ ਦੱਸਦੇ ਹੋਏ ਸਰਕਾਰੀ ਅਧਿਆਪਕਾਂ, ਵਿਦਿਆਰਥੀ-ਮਾਪਿਆਂ ਸਮੇਤ ਬੇਰੁਜ਼ਗਾਰ ਅਧਿਆਪਕਾਂ ਨੇ ਸ਼ੋਸ਼ਲ ਮੀਡੀਆ ਦੀ ਜੰਗ ਵਿਚ ਸਿੱਖਿਆ ਮੰਤਰੀ ਨੂੰ ਪਛਾੜ ਸੁੱਟਿਆ ਸੀ। ਜਿਸ ਤੋਂ ਖਫਾ ਸਿੱਖਿਆ ਮਹਿਕਮੇ ਨੇ ਇਕ ਪੱਤਰ ਜਾਰੀ ਕਰ ਕੇ , ਜਬਰੀ ਆਪਣੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਅਧਿਆਪਕ ਵਰਗ ਕੋਲੋਂ, ਡਿਸਲਾਈਕ ਦੇ ਮੁਕਾਬਲੇ 'ਲਾਈਕਸ' ਵਧਾਉਣ ਲਈ ਕਿਹਾ ਗਿਆ। ਪੜੋ ਹੋਰ ਖਬਰਾਂ: ਦੁਰਲੱਭ ਬੀਮਾਰੀ ਨਾਲ ਜੂਝ ਰਿਹਾ ਸੀ ਬੱਚਾ, ਦਿੱਤੀ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ ਪ੍ਰੰਤੂ ਸਿੱਖਿਆ ਮੰਤਰੀ ਵੱਲੋਂ ਮੁੜ ਆਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਇਕ ਚੈਨਲ ਨਾਲ ਗੱਲਬਾਤ ਕੀਤੀ ਗਈ ਤਾਂ ਮੁੜ ਪੰਜਾਬ ਦੇ ਲੋਕਾਂ ਨੇ ਪਸੰਦ ਦੇ ਮੁਕਾਬਲੇ ਨਾ ਪਸੰਦ ਦਾ ਅੰਕੜਾ ਵਧਾ ਦਿੱਤਾ। ਇਸ ਸਬੰਧੀ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਸਾਢੇ ਪੰਜ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਕ੍ਰਿਸ਼ਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਣ, ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਅਧਿਆਪਕਾਂ ਨੂੰ ਬਰਨਾਲਾ ਵਿਖੇ ਲੱਚਰ ਗਾਲਾਂ ਕੱਢਣ ਵਾਲੇ ਅਤੇ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉੱਤੇ ਭਿਆਨਕ ਲਾਠੀਚਾਰਜ ਕਰਵਾਉਣ ਵਾਲੇ ਮੰਤਰੀ ਨੂੰ ਲੋਕ ਨਾ ਪਸੰਦ ਕਰ ਰਹੇ ਹਨ। ਇਹ ਪੰਜਾਬ ਦੇ ਲੋਕਾਂ ਦੀ ਅੰਦਰੂਨੀ ਆਵਾਜ਼ ਹੈ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਇਸ ਮੁਹਿੰਮ ਨੂੰ ਬਹੁਤ ਤੇਜ਼ੀ ਨਾਲ ਚਲਾ ਰਹੇ ਹਨ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਦੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਵੀ ਬੇਰੁਜ਼ਗਾਰਾਂ ਨੇ ਇਸ ਮੁਹਿੰਮ ਨੂੰ ਚਲਾਇਆ ਸੀ। ਪੜੋ ਹੋਰ ਖਬਰਾਂ: ਇਸ ਸੂਬੇ ‘ਚ ਰੈਸਟੋਰੈਂਟ ਅਤੇ ਹੋਟਲਾਂ ’ਚ ਵੀ ਲੱਗੇਗੀ ‘ਕੋਰੋਨਾ ਵੈਕਸੀਨ’ ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਸਿਰਫ ਫ਼ਰਜ਼ੀ ਅੰਕੜੇ ਪੇਸ਼ ਕਰ ਕੇ ਸਿੱਖਿਆ ਦੇ ਵਿਕਾਸ ਦਾ ਡਰਾਮਾ ਕਰ ਰਹੇ ਹਨ। ਜਦਕਿ ਅਸਲੀ ਤਸਵੀਰ ਹੋਰ ਹੈ। ਸਿੱਖਿਆ ਮੰਤਰੀ ਖੁਦ ਲਾਈਵ ਵਿਚ ਆਖਦੇ ਹਨ ਕਿ ਸਾਢੇ ਤਿੰਨ ਲੱਖ ਦਾਖਲੇ ਵਧੇ ਹਨ ਸਰਕਾਰੀ ਸਕੂਲਾਂ ਵਿਚ, ਪ੍ਰੰਤੂ ਇਨ੍ਹਾਂ ਵਿਦਿਆਰਥੀਆਂ ਲਈ ਅਧਿਆਪਕ ਭਰਤੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਮੋਰਚਾ ਸਰਕਾਰ ਅਤੇ ਸਿੱਖਿਆ ਮੰਤਰੀ ਦੀਆਂ ਨਾਕਾਮੀਆਂ ਦੀ ਪੋਲ ਖੋਲਦਾ ਰਹੇਗਾ। ਉਨ੍ਹਾਂ ਸਰਕਾਰ ਉੱਤੇ ਬੇਰੁਜ਼ਗਾਰੀ ਭੱਤਾ ਦੱਬਣ ਦਾ ਦੋਸ਼ ਵੀ ਲਗਾਇਆ। ਦੱਸਣਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਸਿੱਖਿਆ ਮੰਤਰੀ ਦੀ ਪੋਸਟ ਨੂੰ ਸਿਰਫ 261 ਲੋਕਾਂ ਨੇ ਪਸੰਦ ਕੀਤਾ ਸੀ ਜਦਕਿ 4100 ਨੇ ਨਾ ਪਸੰਦ ਦਾ ਬਟਨ ਦਬਾ ਕੇ ਨਾਪਸੰਦ ਕੀਤਾ ਸੀ। -PTC News