ਈਡੀ ਵੱਲੋਂ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ 'ਤੇ ਮਨੀ ਲਾਂਡਰਿੰਗ ਦਾ ਕੇਸ ਦਰਜ
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜਕੁੰਦਰਾ ਦੀਆਂ ਮੁਸ਼ਕਲਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਕ ਮਾਮਲੇ 'ਚ ਕਾਰੋਬਾਰੀ ਰਾਜ ਕੁੰਦਰਾ ਖਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਮੁੰਬਈ ਪੁਲਿਸ ਨੇ 2021 ਵਿੱਚ ਵੀ ਉਸ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਈਡੀ ਇਸ ਮਾਮਲੇ ਵਿੱਚ ਰਾਜਕੁੰਦਰਾ ਤੋਂ ਪੁੱਛਗਿੱਛ ਕਰ ਸਕਦੀ ਹੈ। ਈਡੀ ਵੱਲੋਂ ਕੇਸ ਦਰਜ ਹੋਣ ਤੋਂ ਬਾਅਦ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਫਰਵਰੀ 2021 'ਚ ਕ੍ਰਾਈਮ ਬ੍ਰਾਂਚ ਨੇ ਮੁੰਬਈ 'ਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਨੂੰ ਕੁਝ ਐਪਸ ਰਾਹੀਂ ਪ੍ਰਕਾਸ਼ਿਤ ਕਰਨ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 19 ਜੁਲਾਈ 2021 ਨੂੰ ਗ੍ਰਿਫ਼ਤਾਰ ਕੀਤਾ ਸੀ।ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ 'ਚ 1500 ਪੰਨਿਆਂ ਦੀ ਚਾਰਜਸ਼ੀਟ ਵੀ ਦਾਖਲ ਕੀਤੀ ਸੀ, ਜਿਸ 'ਚ ਅਭਿਨੇਤਰੀ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਸ਼ਰਲਿਨ ਚੋਪੜਾ ਸਮੇਤ 42 ਗਵਾਹਾਂ ਦੇ ਬਿਆਨ ਸ਼ਾਮਲ ਸਨ। ਅਦਾਕਾਰਾ ਸ਼ਰਲਿਨ ਚੋਪੜਾ ਤੋਂ ਲੈ ਕੇ ਪੂਨਮ ਪਾਂਡੇ ਤਕ ਰਾਜ ਕੁੰਦਰਾ ਉਤੇ ਕਈ ਗੰਭੀਰ ਦੋਸ਼ ਲੱਗੇ ਸਨ। ਰਾਜ ਕੁੰਦਰਾ 'ਤੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਵੈੱਬ ਸੀਰੀਜ਼ 'ਚ ਕੰਮ ਦਿਵਾਉਣ ਦਾ ਵਾਅਦਾ ਕਰਕੇ ਧੋਖਾਧੜੀ ਕਰਨ ਦਾ ਦੋਸ਼ ਸੀ। ਦੱਸਿਆ ਗਿਆ ਸੀ ਕਿ ਅਸ਼ਲੀਲ ਫਿਲਮਾਂ ਦੀ ਸ਼ੂਟਿੰਗ ਤੋਂ ਬਾਅਦ ਇਕ ਐਪ 'ਤੇ ਪਾ ਦਿੱਤਾ ਜਾਂਦਾ ਸੀ। ਇਸ ਐਪ ਦੇ ਗਾਹਕਾਂ ਨੂੰ ਇਹ ਫਿਲਮਾਂ ਦੇਖਣ ਲਈ ਪੈਸੇ ਦੇਣੇ ਪੈਂਦੇ ਸਨ। ਕਾਬਿਲੇਗੌਰ ਹੈ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦਾ ਵਿਵਾਦਾਂ ਨਾਲ ਲੰਬਾ ਇਤਿਹਾਸ ਰਿਹਾ ਹੈ। ਇਸ ਤੋਂ ਪਹਿਲਾਂ ਅਦਾਕਾਰਾ ਪੂਨਮ ਪਾਂਡੇ ਨੇ ਰਾਜ ਅਤੇ ਉਸ ਦੇ ਸਾਥੀਆਂ 'ਤੇ ਉਸ ਦੀਆਂ ਤਸਵੀਰਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਰਾਜ ਕੁੰਦਰਾ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ