ਸ਼ਿਮਲਾ ਦੇ ਕੋਟਖਾਈ 'ਚ ਲੱਗੇ ਭੂਚਾਲ ਦੇ ਝਟਕੇ
ਸ਼ਿਮਲਾ: ਹਿਮਾਚਲ ਦੇ ਸ਼ਿਮਲਾ ਵਿੱਚ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਲਗਭਗ 2 ਵਜ ਕੇ 40 ਮਿੰਟ ਉੱਤੇ ਕੋਟਖਾਈ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.8 ਮਾਪੀ ਗਈ ਹੈ। ਭੂਚਾਲ ਦੀ ਤੀਬਰਤਾ ਜ਼ਿਆਦਾ ਨਾ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਪਰ ਕੋਟਖਾਈ 'ਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਹੀ ਚੰਬਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਸ਼ਿਮਲਾ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭੂਚਾਲ ਤੇਜ਼ ਤੀਬਰਤਾ ਵਾਲਾ ਨਹੀਂ ਸੀ। ਕਿਧਰੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਭੂ-ਵਿਗਿਆਨੀਆਂ ਮੁਤਾਬਕ ਹਿਮਾਚਲ ਪ੍ਰਦੇਸ਼ ਭੂਚਾਲ ਲਈ ਸੰਵੇਦਨਸ਼ੀਲ ਜ਼ੋਨ 4 ਅਤੇ ਜ਼ੋਨ 5 ਵਿੱਚ ਸ਼ਾਮਿਲ ਹੈ। ਸਾਲ 2021 ਵਿੱਚ, ਹਿਮਾਚਲ ਵਿੱਚ ਲਗਭਗ 60 ਛੋਟੇ ਅਤੇ ਵੱਡੇ ਭੂਚਾਲ ਆਏ ਹਨ। ਹਿਮਾਚਲ ਵਿੱਚ ਸਭ ਤੋਂ ਖਤਰਨਾਕ ਭੂਚਾਲ 4 ਅਪ੍ਰੈਲ 1905 ਨੂੰ ਕਾਂਗੜਾ ਵਿੱਚ ਆਇਆ ਸੀ। ਇਸ ਦੀ ਤੀਬਰਤਾ 7.8 ਸੀ ਅਤੇ ਭੂਚਾਲ ਕਾਰਨ 20 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ। ਅਗਲੇ ਹੀ ਸਾਲ 1906 ਵਿੱਚ 28 ਫਰਵਰੀ ਨੂੰ ਕੁੱਲੂ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ ਸੀ। ਜਦੋਂ ਵੀ ਹਿਮਾਚਲ ਵਿੱਚ ਭੂਚਾਲ ਆਉਂਦੇ ਹਨ ਤਾਂ 1905 ਦਾ ਭੂਚਾਲ ਅਤੇ ਉਸ ਕਾਰਨ ਹੋਈ ਤਬਾਹੀ ਲੋਕਾਂ ਦੇ ਮਨਾਂ ਵਿੱਚ ਖੌਫ਼ ਪੈਦਾ ਕਰਦੀ ਹੈ। ਇਹ ਵੀ ਪੜ੍ਹੋ:ਵਿਜੀਲੈਂਸ ਵਿਭਾਗ ਦੇ ਮੁਲਾਜ਼ਮ ਦੀ ਕਾਰ ਹੋਈ ਚੋਰੀ, ਫਿਰ ਸੁਰੱਖਿਅਤ ਕੌਣ ? -PTC News