ਆਪਣੀ ਲਾਹੇਵੰਦ ਗੁਣਵੱਤਾ ਕਰ ਕੇ ਹੁਣ ਅਮੀਰਾਂ ਦੇ ਘਰ ਦਾ ਸ਼ਿੰਗਾਰ ਬਣ ਰਹੇ ਮਿੱਟੀ ਦੇ ਭਾਂਡੇ
ਚੰਡੀਗੜ੍ਹ, 7 ਮਈ: ਅੱਜ ਦੇ ਤਕਨੀਕੀ ਯੁੱਗ ਵਿਚ ਨਵੇਂ ਦੌਰ ਦੇ ਆਗਮਨ ਨੇ ਜਿੱਥੇ ਸਾਡੀਆਂ ਜ਼ਿੰਦਗੀਆਂ ਨੂੰ ਲਗ਼ਜ਼ਰੀ ਲਾਈਫ਼ ਦੀ ਆਦਤ ਪਾ ਦਿੱਤੀ ਹੈ, ਉੱਥੇ ਹੀ ਸਾਡੇ ਖਾਣ-ਪੀਣ ਦੇ ਸਟੈਂਡਰਡ ਵਿਚ ਵੀ ਵਾਧਾ ਹੋਇਆ ਹੈ। ਤੁਹਾਡੇ ਵਿੱਚੋਂ ਬਹੁਤੇ ਆਪਣੇ ਘਰ ਦੇ ਬਜ਼ੁਰਗਾਂ ਤੋਂ ਇਹ ਸੁਣਦੇ ਆਏ ਹੋਣੇ ਨੇ ਕਿ ਪਹਿਲਾਂ ਦੇ ਸਮੇਂ 'ਚ ਖਾਣ-ਪੀਣ ਦੇ ਪਦਾਰਥ ਕਿੰਨੇ ਸੀਮਤ ਸਨ ਅਤੇ ਹੁਣ ਤਾਂ ਇੰਜ ਹੈ ਵੀ ਜਿਵੇਂ ਰੱਬ ਨੇ ਘਰ ਘਰ ਛੱਤੀਹ ਪ੍ਰਕਾਰ ਦੇ ਭੋਜਨ ਦਾ ਇੰਤਜ਼ਾਮ ਕਰ ਦਿੱਤਾ ਹੋਵੇ। ਮਾਰਕੀਟ ਵਿਚ ਇੰਨੇ ਪਦਾਰਥ ਉਪਲਬਧ ਹਨ ਕਿ ਅਜੋਕੀ ਪੀੜੀ ਤਾਂ ਸਿਰਫ਼ ਫਾਸਟ ਫੂਡ ਜੋਗੀ ਹੀ ਰਹਿ ਗਈ ਹੈ। ਪਰ ਇਸ ਸਟੈਂਡਰਡ ਆਫ਼ ਲਿਵਿੰਗ ਨੇ ਸਾਡੀ ਸਹਿਤ ਦਾ ਬਹੁਤ ਵੱਡਾ ਨੁਕਸਾਨ ਵੀ ਕੀਤਾ ਹੈ, ਜਿੱਥੇ ਸਰੀਰਾਂ ਦੇ ਚੰਗੇ ਤੱਤ ਮੁੱਕਦੇ ਜਿਉਂਦੇ ਨੇ ਉੱਥੇ ਹੀ ਵੱਡੀਆਂ ਅਤੇ ਗੰਭੀਰ ਬਿਮਾਰੀਆਂ ਨੇ ਸਾਡੇ ਸਰੀਰਾਂ ਨੂੰ ਘੇਰ ਲਿਆ ਹੈ। ਜੀਵਨ ਦੀ ਇਸ ਚੋਣ ਨੇ ਲੋਕਾਂ ਨੂੰ ਵੀ ਬਹੁਤ ਵੱਡਾ ਸਬਕ ਦਿੱਤਾ ਹੈ ਜਿਸਤੋਂ ਬਾਅਦ ਹੁਣ ਮਿੱਟੀ ਦੇ ਭਾਂਡਿਆਂ ਨੇ ਆਮ ਤੇ ਅਮੀਰ ਘਰਾਨਿਆਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਕਦੀ ਸਿਰਫ਼ ਗ਼ਰੀਬਾਂ ਦੇ ਘਰ ਦਾ ਸ਼ਿੰਗਾਰ ਰਹਿਣ ਵਾਲੇ ਇਨ੍ਹਾਂ ਮਿੱਟੀ ਦੇ ਭਾਂਡਿਆਂ ਨੇ ਹੁਣ ਆਪਣੀ ਗੁਣਵੱਤਾ ਕਰ ਕੇ ਅਮੀਰਾਂ ਦੇ ਘਰ ਵਲ ਵਹੀਰਾਂ ਘੱਤ ਦਿੱਤੀਆਂ ਹਨ। ਚੰਡੀਗੜ੍ਹ ਦੇ ਸੈਕਟਰ 39 'ਚ ਬੈਠੇ ਮਿੱਟੀ ਦੇ ਭਾਂਡਿਆਂ ਦਾ ਵਿਆਪਾਰ ਕਰਨ ਵਾਲੇ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿੱਥੇ ਪਹਿਲਾਂ ਸਿਰਫ਼ ਆਮ ਲੋਕ ਜਾਂ ਜ਼ਿਆਦਾਤਰ ਗ਼ਰੀਬ ਲੋਕ ਉਨ੍ਹਾਂ ਕੋਲ ਮਿੱਟੀ ਤੋਂ ਬਣੇ ਭਾਂਡਿਆਂ ਦੀ ਡਿਮਾਂਡ ਲੈ ਕੇ ਆਉਣੇ ਸਨ, ਹੁਣ ਉਨ੍ਹਾਂ ਦੇ ਨਾਲ ਹੀ ਅਮੀਰਾਂ ਦੀ ਗੱਡੀਆਂ ਨੇ ਵੀ ਉਨ੍ਹਾਂ ਦੇ ਅੱਡਿਆਂ ਵੱਲ ਮੂੰਹ ਮੋੜ ਲਿਆ ਹੈ। ਨਰੇਸ਼ ਦਾ ਕਹਿਣਾ ਸੀ ਕਿ ਗਰਮੀਆਂ ਵਿਚ ਮਿੱਟੀ ਦੇ ਘੜਿਆਂ ਤੇ ਕੈਂਪਰਾਂ ਦੀ ਡਿਮਾਂਡ ਬਹੁਤ ਵੱਧ ਜਾਂਦੀ ਹੈ ਕਿਉਂਕਿ ਆ.ਰੋ. ਦੇ ਉਲਟ ਜੋ ਸਾਰੇ ਕੁਦਰਤੀ ਤੱਤ ਮਾਰ ਦਿੰਦਾ ਹੈ, ਮਿੱਟੀ ਦੇ ਬਣੇ ਘੜਿਆਂ ਨਾਲ ਪਾਣੀ 'ਚ ਘੁਲ ਸਾਰੇ ਕੁਦਰਤੀ ਤੱਤ ਸਰੀਰ ਨੂੰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕੋਲ ਪਾਣੀ ਲਈ ਘੜਿਆਂ ਦੇ ਨਾਲ ਨਾਲ, ਰੋਟੀਆਂ ਸੇਕਣ ਲਈ ਮਿੱਟੀ ਦੇ ਬਣੇ ਤਵੇ, ਦਾਲ-ਸਬਜ਼ੀ ਬਣਾਉਣ ਲਈ ਮਿੱਟੀ ਦੀ ਬਣੀ ਹਾਂਡੀ ਅਤੇ ਦਹੀਂ ਜਾ ਠੰਢੀਆਂ ਚੀਜ਼ਾਂ ਲਈ ਮਿੱਟੀ ਦੇ ਬਣੇ ਛੋਟੇ ਡੌਂਗੇ ਵੀ ਉਪਲਬਧ ਹਨ। ਇੱਥੇ ਪਾਣੀ ਵਾਲਾ ਘੜਾ ਜਾਂ ਟੂਟੀ ਲੱਗੇ ਕੈਂਪਰ 200 ਰੁਪਏ ਤੋਂ ਲੈ ਕੇ 500 ਰੁਪਏ ਦੀ ਕੀਮਤ ਤੱਕ, ਦਾਲ-ਸਬਜ਼ੀ ਵਾਲੀ ਹਾਂਡੀ 100 ਰੁਪਏ ਤੋਂ ਲੈ ਕੇ 500 ਰੁਪਏ ਦੀ ਕੀਮਤ ਤੱਕ ਅਤੇ ਦਹੀਂ ਲਈ ਕੁੱਜਾ 50 ਰੁਪਏ ਤੋਂ ਲੈ ਕੇ 150 ਰੁਪਏ ਦੀ ਕੀਮਤ ਤੱਕ ਉਪਲਬਧ ਹੈ। ਐਲੂਮੀਨੀਅਮ ਜਾਂ ਹੋਰ ਧਾਤੂ ਦੇ ਭਾਂਡਿਆਂ ਦੇ ਮੁਕਾਬਲੇ ਮਿੱਟੀ ਦੇ ਬਰਤਨ ਹੌਲੀ-ਹੌਲੀ ਗਰਮ ਹੁੰਦੇ ਹਨ ਅਤੇ ਭੋਜਨ ਨੂੰ ਹੌਲੀ-ਹੌਲੀ ਪਕਾਉਂਦੇ ਹਨ। ਜਿਸ ਦੇ ਨਤੀਜੇ ਵਜੋਂ ਚੰਗੀ ਤਰਾਂ ਤੇ ਖ਼ੁਸ਼ਬੂਦਾਰ ਭੋਜਨ ਪੱਕਦਾ ਹੈ। ਇਹ ਭੋਜਨ ਨੂੰ ਹੋਰ ਕਿਸਮ ਦੇ ਭਾਂਡਿਆਂ ਵਿੱਚ ਤਿਆਰ ਕੀਤੇ ਭੋਜਨ ਨਾਲੋਂ ਵਧੇਰੇ ਪੌਸ਼ਟਿਕ ਮੁੱਲ ਬਰਕਰਾਰ ਰੱਖਣ ਦਿੰਦਾ ਹੈ। ਹੌਲੀ ਖਾਣਾ ਪਕਾਉਣ ਦੀ ਪ੍ਰਕਿਰਿਆ ਭੋਜਨ ਵਿੱਚ ਮੌਜੂਦ ਕੁਦਰਤੀ ਨਮੀ ਅਤੇ ਕੁਦਰਤੀ ਤੇਲ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ, ਨਤੀਜੇ ਵਜੋਂ ਤੁਹਾਨੂੰ ਖਾਣਾ ਪਕਾਉਣ ਲਈ ਤੇਲ ਦੀ ਤੁਲਨਾਤਮਿਕ ਤੌਰ 'ਤੇ ਘੱਟ ਵਰਤੋਂ ਦੀ ਲੋੜ ਹੁੰਦੀ ਹੈ। ਇਹ ਵੀ ਪੜ੍ਹੋ: ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਮੁੜ ਹੋਇਆ ਵਾਧਾ, ਜਾਣੋ ਕਿੰਨਾ ਮਿੱਟੀ ਦੇ ਭਾਂਡੇ ਕੁਦਰਤ ਵਿੱਚ ਖਾਰੀ ਹੋਣ ਕਰ ਕੇ ਭੋਜਨ ਵਿੱਚ ਮੌਜੂਦ ਐਸਿਡ ਨਾਲ ਪਰਸਪਰ ਪ੍ਰਭਾਵ ਕਰ ਕੇ ਭੋਜਨ ਦੇ PH ਸੰਤੁਲਨ ਨੂੰ ਬੇਅਸਰ ਕਰਨ ਵਿੱਚ ਮਦਦ ਕਰਦੇ ਹਨ। ਮਿੱਟੀ ਦੇ ਭਾਂਡੇ ਨਾ ਸਿਰਫ਼ ਭੋਜਨ ਨੂੰ ਸਿਹਤਮੰਦ ਬਣਾਉਂਦੇ ਹਨ ਸਗੋਂ ਇਸ ਵਿਚ ਚੰਗੀ ਖ਼ੁਸ਼ਬੂ ਵੀ ਭਰਦੇ ਹਨ। -PTC News