ਸ੍ਰੀ ਦਰਬਾਰ ਸਾਹਿਬ ਵਿਖੇ ਮ੍ਰਿਤਕ ਬੱਚੀ ਨੂੰ ਛੱਡਣ ਵਾਲੀ ਔਰਤ ਰਾਜਪੁਰਾ ਤੋਂ ਗ੍ਰਿਫਤਾਰ
ਅੰਮ੍ਰਿਤਸਰ: ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਦੇ ਬਾਹਰ ਸਥਿਤ ਘੰਟਾ ਘਰ ਪਲਾਜ਼ਾ 'ਚੋਂ ਬੀਤੇ ਦਿਨ ਇਕ ਬੱਚੀ ਦੀ ਲਾਸ਼ ਮਿਲੀ ਸੀ, ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਜਾਇਜ਼ ਸਬੰਧਾਂ ਦੇ ਚਲਦਿਆਂ ਉਸਦੀ ਮਾਂ ਵੱਲੋਂ ਹੀ ਬੱਚੀ ਨੂੰ ਕਥਿਤ ਤੌਰ 'ਤੇ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਦੱਸ ਦੇਈਏ ਕਿ ਬੱਚੀ ਦੀ ਪਛਾਣ ਦੀਪਜੋਤ ਸਪੁੱਤਰੀ ਕੁਲਵਿੰਦਰ ਸਿੰਘ ਵਾਸੀ ਯਮੁਨਾਨਗਰ ਵਜੋਂ ਹੋਈ ਹੈ। ਸੀਸੀਟੀਵੀ 'ਚ ਨਜ਼ਰ ਆ ਰਹੀ ਔਰਤ ਦਾ ਨਾਂਅ ਮਨਿੰਦਰ ਕੌਰ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਰਾਜਪੁਰਾ ਪੁਲਿਸ ਨੇ ਫਰਾਰ ਹੋਈ ਔਰਤ ਨੂੰ ਕਾਬੂ ਕਰ ਲਿਆ ਹੈ। ਔਰਤ ਬੜੀ ਚਲਾਕੀ ਨਾਲ ਰਾਜਪੁਰਾ ਵਿੱਚ ਬੱਚੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾ ਰਹੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਘੰਟਾ ਘਰ ਦੇ ਬਾਹਰ ਪਲਾਜੇ ਵਿੱਚ ਇੱਕ ਬੱਚੀ ਦੀ ਲਾਸ਼ ਪਈ ਸੀ। ਲਾਸ਼ ਦੀ ਸੂਚਨਾ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਲੜਕੀ ਨੂੰ ਸੁੱਟਣ ਵਾਲੇ ਦੀ ਸੀਸੀਟੀਵੀ ਕੈਮਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਉਸ ਨੇ ਇਕ ਸ਼ੱਕੀ ਔਰਤ ਨੂੰ ਦੇਖਿਆ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਤਸਵੀਰਾਂ ਅਤੇ ਵੀਡੀਓ ਵਾਇਰਲ ਕਰ ਦਿੱਤੀਆਂ।
ਇਸ ਮਗਰੋਂ ਰਾਜਪੁਰਾ ਪੁਲਿਸ ਨੇ ਅੰਮ੍ਰਿਤਸਰ ਦੇ ਥਾਣਾ ਈ-ਡਵੀਜ਼ਨ ਦੀ ਪੁਲਿਸ ਨੂੰ ਸੂਚਿਤ ਕੀਤਾ। ਦਰਅਸਲ ਔਰਤ ਰਾਜਪੁਰਾ ਪਹੁੰਚੀ ਸੀ। ਜਿੱਥੇ ਉਸ ਨੇ ਰਾਜਪੁਰਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਕਿ ਉਹ ਹਰਿਮੰਦਰ ਸਾਹਿਬ ਗਈ ਸੀ ਪਰ ਉਸ ਦੀ ਲੜਕੀ ਉਥੇ ਹੀ ਫ਼ਰਾਰ ਹੋ ਗਈ ਪਰ ਔਰਤ ਦੀਆਂ ਤਸਵੀਰਾਂ ਰਾਜਪੁਰਾ ਪੁਲਿਸ ਕੋਲ ਪਹਿਲਾਂ ਹੀ ਪਹੁੰਚ ਗਈਆਂ ਸਨ। ਰਾਜਪੁਰਾ ਪੁਲਿਸ ਨੇ ਔਰਤ ਦੀ ਪਹਿਚਾਣ ਕਰਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ ਸ਼ਾਮ ਘੰਟਾ ਘਰ ਗੇਟ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਹੱਥ ਧੋਣ ਵਾਲੀਆਂ ਟੂਟੀਆਂ ਵਾਲੇ ਪਾਸੇ ਛੇ ਤੋਂ ਸੱਤ ਸਾਲ ਦੀ ਸੁੰਦਰ ਬੱਚੀ ਮਿਲੀ ਸੀ, ਜਿਸ ਦੇ ਸਰੀਰ 'ਤੇ ਨੀਲੇ ਧੱਬੇ ਪਏ ਹੋਏ ਸਨ। ਇਸ ਬੱਚੀ ਦੇ ਮਿਲਣ ਉਪਰੰਤ ਸਥਾਨਕ ਪੁਲਿਸ ਚੋਂਕੀ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖੀ ਗਈ ਹੈ।