ਇਨ੍ਹਾਂ ਪਹਿਲੂਆਂ ਕਾਰਨ ਖ਼ਾਸ ਰਹੇਗਾ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ !
ਨਵਾਂਸ਼ਹਿਰ : ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਤਾਂ ਪਹਿਲਾਂ ਹੀ ਪੰਜਾਬ ਦੇ ਸਿਆਸੀ ਇਤਿਹਾਸ ਦਾ ਖਾਸ ਪੰਨਾ ਬਣ ਗਈਆਂ ਹਨ ਤੇ ਹੁਣ ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ ਵੀ ਖਾਸ ਬਣਨ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਪਹਿਲੀ ਵਾਰ ਰਾਜਧਾਨੀ ਚੰਡੀਗੜ੍ਹ ਦੇ ਗਵਰਨਰ ਹਾਊਸ ਨਹੀਂ ਬਲਕਿ ਇਕ ਪਿੰਡ 'ਚ ਸਹੁੰ ਚੁੱਕਣ ਜਾ ਰਹੇ ਹਨ | ਭਗਵੰਤ ਮਾਨ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ 'ਤੇ ਸਹੁੰ ਚੁੱਕਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 2014 MP ਚੋਣਾਂ ਜਿੱਤਣ ਤੋਂ ਬਾਅਦ ਵੀ ਭਗਵੰਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਯਾਦਗਾਰ ਉਤੇ ਨਤਮਸਤਕ ਹੋਏ ਸਨ। ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਦਾ ਦੂਜਾ ਅਹਿਮ ਪਹਿਲੂ ਇਹ ਹੋਵੇਗਾ ਕਿ ਪੰਜਾਬ ਵਿੱਚ ਪਹਿਲੀ ਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਤੀਜੀ ਨਵੀਂ ਪਾਰਟੀ ਸੱਤਾ ਸੰਭਾਲਣ ਜਾ ਰਹੀ ਹੈ | ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕੀਤੀ। ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋ ਰਿਹਾ ਹੈ। ਖਟਕੜ ਕਲਾਂ ਵਿੱਚ ਕਰੀਬ 13 ਏਕੜ ਵਿੱਚ ਪੰਡਾਲ ਬਣਾਇਆ ਗਿਆ ਹੈ। ਬਾਹਰੋਂ ਆਉਣ ਵਾਲੇ VVIP’s ਲਈ 4 ਹੈਲੀ ਪੈਡ ਪ੍ਰਾਈਵੇਟ ਸਕੂਲਾਂ ਦੇ ਮੈਦਾਨਾਂ ਵਿੱਚ ਬਣਾਏ ਗਏ ਹਨ। ਉੱਥੋਂ ਮਹਿਮਾਨਾਂ ਨੂੰ ਰਾਜ ਮਹਿਮਾਨ ਦਾ ਦਰਜਾ ਦਿੰਦੇ ਹੋਏ ਸਰਕਾਰੀ ਵਾਹਨਾਂ 'ਚ ਸਹੁੰ ਚੁੱਕ ਸਮਾਗਮ ਵਾਲੀ ਥਾਂ 'ਤੇ ਲਿਆਂਦਾ ਜਾਵੇਗਾ। ਸਮਾਗਮ ਵਾਲੀ ਥਾਂ 'ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਹਰੇਕ ਵਿਅਕਤੀ ਦੇ ਨਾਲ ਇੱਕ ਪ੍ਰੋਟੋਕੋਲ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ। ਇਹ ਵੀ ਪੜ੍ਹੋ : ਗੁਰਮੀਤ ਡੇਰਾ ਮੁਖੀ ਫਰਲੋ ਮਾਮਲੇ 'ਤੇ ਹਾਈ ਕੋਰਟ 'ਚ ਸੁਣਵਾਈ ਅੱਜ