ਪਟਿਆਲਾ ਦੀ ਵੱਡੀ ਨਦੀ 'ਚ ਪਾਣੀ ਵਧਣ ਕਾਰਨ ਨਾਲ ਲਗਦੀਆਂ ਕਾਲੋਨੀਆਂ ਦੇ ਬਾਸ਼ਿੰਦਿਆਂ 'ਚ ਸਹਿਮ
ਪਟਿਆਲਾ, 1 ਅਗਸਤ: ਪਟਿਆਲਾ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਬਰਸਾਤੀ ਨਾਲਿਆਂ ਦੇ ਨਾਲ ਲੱਗਦੇ ਪਿੰਡਾਂ ਅਤੇ ਕਾਲੋਨੀਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਨੇ ਸਰਕਾਰੀ ਵਿਭਾਗਾਂ ਨੂੰ ਅਲਰਟ 'ਤੇ ਰੱਖ ਦਿੱਤਾ ਹੈ ਅਤੇ ਭਾਰੀ ਮੀਂਹ ਦੇ ਮੱਦੇਨਜ਼ਰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਪਟਿਆਲਾ ਦੀ ਵੱਡੀ ਨਦੀ 'ਚ ਪਾਣੀ ਦਾ ਪੱਦਰ ਵੱਧ ਗਿਆ ਹੈ, ਹਾਲਾਂਕਿ ਪ੍ਰਸ਼ਾਸਨ ਨੇ ਅੰਕੜੇ ਜਾਰੀ ਕਰਕੇ ਕਿਹਾ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪ੍ਰਸ਼ਾਸਨ ਨੇ ਕਿਹਾ ਕਿ ਪਟਿਆਲਾ ਦੀ ਵੱਡੀ ਨਦੀ ਵਿਚ ਸਾਢੇ 6 ਫੁੱਟ ਪਾਣੀ ਜਮ੍ਹਾ ਹੈ ਜਦ ਕਿ ਖ਼ਤਰੇ ਦਾ ਨਿਸ਼ਾਨ 12 ਫੁੱਟ 'ਤੇ ਹੈ। ਇਸ ਦੇ ਨਾਲ ਹੀ ਛੋਟੀ ਨਦੀ ਜੋ ਮੁੱਖ ਤੌਰ 'ਤੇ ਪਟਿਆਲਾ ਸ਼ਹਿਰ ਨੂੰ ਪ੍ਰਭਾਵਿਤ ਕਰਦੀ ਹੈ ਦਾ ਪੱਧਰ 7.30 ਫੁੱਟ ਪਹੁੰਚ ਗਿਆ ਹੈ ਅਤੇ ਇਸ ਦਾ ਖ਼ਤਰੇ ਦਾ ਨਿਸ਼ਾਨ 12 ਫੁੱਟ 'ਤੇ ਹੈ। ਪਟਿਆਲਾ ਡਰੇਨੇਜ ਵਿਭਾਗ ਅਨੁਸਾਰ ਪਿੰਡ ਭਾਂਖਰਪੁਰ ਨੇੜੇ ਘੱਗਰ ਦਾ ਪਾਣੀ ਦਾ ਪੱਧਰ 1 ਫੁੱਟ, ਜਦੋਂ ਕਿ 10 ਫੁੱਟ 'ਤੇ ਖਤਰੇ ਦਾ ਨਿਸ਼ਾਨ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਘੱਗਰ ਨਦੀ 'ਤੇ ਵੀ ਨਜ਼ਰ ਰੱਖੀ ਹੋਈ ਹੈ। - ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News