ਇਨਸਾਨੀਅਤ ਮੁੜ ਹੋਈ ਸ਼ਰਮਸ਼ਾਰ : ਐਬੂਲੈਂਸ ਨਾ ਮਿਲਣ ਕਾਰਨ ਬੱਸ 'ਚ ਹੀ ਬੱਚੀ ਦੀ ਲਾਸ਼ ਲੈ ਕੇ ਘਰ ਪੁੱਜਿਆ ਬੇਵੱਸ ਮਾਮਾ
ਭੁਪਾਲ : ਮੱਧ ਪ੍ਰਦੇਸ਼ 'ਚ ਰੋਜ਼ਾਨਾ ਹੀ ਇਨਸਾਨੀਅਤ ਨੂੰ ਝੰਜੋੜ ਦੇਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸੂਬੇ ਵਿਚ ਸਿਹਤ ਸੇਵਾਵਾਂ ਦੇ ਮਾੜੇ ਪ੍ਰਬੰਧਾਂ ਦੀ ਉਦਾਹਰਣ ਹਰ ਦੂਜੇ ਦਿਨ ਦੇਖਣ ਨੂੰ ਮਿਲਦੀ ਹੈ। ਹੁਣ ਮਾਮਲਾ ਸੂਬੇ ਦੇ ਛੱਤਰਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਤੇ ਦੂਜੇ ਪਾਸੇ ਜਿਥੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਹਨ। ਇਕ ਨੌਜਵਾਨ ਨੂੰ 4 ਸਾਲ ਦੀ ਬੱਚੀ ਦਾ ਲਾਸ਼ ਗੋਦ ਵਿਚ ਲੈ ਕੇ ਬੱਸ ਤੋਂ ਪਿੰਡ ਲੈ ਜਾਣ ਲਈ ਮਜਬੂਰ ਹੋਣਾ ਪਿਆ। ਹਸਪਤਾਲ ਵੱਲੋਂ ਉਸ ਨੂੰ ਐਬੂਲੈਂਸ ਮੁਹੱਈਆ ਨਹੀਂ ਕਰਵਾਈ ਗਈ। ਛਤਰਪੁਰ ਜ਼ਿਲ੍ਹੇ ਦੇ ਪਾਟਨ ਪਿੰਡ ਦੀ ਚਾਰ ਸਾਲ ਦੀ ਬੱਚੀ ਮਿੱਟੀ ਵਿਚ ਦਬ ਗਈ ਸੀ। ਉਸ ਨੂੰ ਇਲਾਜ ਲਈ ਉਸ ਦਾ ਮਾਮਾ ਜ਼ਿਲ੍ਹਾ ਹਸਪਤਾਲ ਵਿਚ ਛਤਰਪੁਰ ਲੈ ਆਇਆ ਪਰ ਉਥੇ ਉਸ ਦੀ ਮੌਤ ਹੋ ਗਈ। ਬੱਚੀ ਦਾ ਮਾਮਾ ਸਰਕਾਰੀ ਐਬੂਲੈਂਸ ਲਈ ਘੁੰਮਦਾ ਰਿਹਾ। ਇਸ ਦੌਰਾਨ ਉਸ ਨੇ ਬੱਚੀ ਦੀ ਲਾਸ਼ ਨੂੰ ਗੋਦ ਵਿਚ ਚੁੱਕਿਆ ਹੋਇਆ ਸੀ ਪਰ ਉਸ ਨੂੰ ਐਬੂਲੈਂਸ ਨਹੀਂ ਮਿਲੀ। ਉਸ ਕੋਲ ਪ੍ਰਾਈਵੇਟ ਐਂਬੂਲੈਂਸ ਰਾਹੀਂ ਲਾਸ਼ ਲਿਜਾਣ ਲਈ ਪੈਸੇ ਨਹੀਂ ਸਨ। ਇਸ ਮਗਰੋਂ ਉਹ ਬੱਚੀ ਦੀ ਲਾਸ਼ ਨੂੰ ਗੋਦ ਵਿਚ ਲੈ ਕੇ ਬੱਸ ਅੱਡੇ ਆ ਗਿਆ ਪਰ ਉਸ ਕੋਲ ਬੱਸ ਦੇ ਕਿਰਾਏ ਲਈ ਵੀ ਪੈਸੇ ਨਹੀਂ ਸਨ। ਇਸ ਮਗਰੋਂ ਕਿਸੇ ਨੇ ਉਸ ਨੂੰ ਬੱਸ ਦੇ ਕਿਰਾਏ ਲਈ ਪੈਸੇ ਦਿੱਤੇ। ਫਿਰ ਉਹ ਬੱਸ ਵਿਚ ਬੱਚੀ ਦੀ ਲਾਸ਼ ਲੈ ਕੇ ਪਿੰਡ ਪੁੱਜਿਆ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿਚ ਇਕ ਨੌਜਵਾਨ ਇਕ ਬੱਚੀ ਦੀ ਲਾਸ਼ ਲੈ ਕੇ ਸੜਕ ਉਤੇ ਜਾ ਰਿਹਾ ਹੈ। ਇਹ ਵੀ ਪੜ੍ਹੋ : ਲੋਕਾਂ ਦੀਆਂ ਵਧਣਗੀਆਂ ਮੁਸ਼ਕਿਲਾਂ, ਮਨਿਸਟਰੀਅਲ ਸਟਾਫ਼ ਨੇ 26 ਅਕਤੂਬਰ ਤੱਕ ਵਧਾਈ ਹੜਤਾਲ ਕਾਬਿਲੇਗੌਰ ਹੈ ਕਿ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲ ਹੀ ਵਿਚ ਅਜਿਹਾ ਮਾਮਲਾ ਸਿਗਰੌਲੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਸੀ। ਜਿਥੇ ਨਵਜੰਮੇ ਬੱਚੇ ਲੀ ਲਾਸ਼ ਨੂੰ ਲਿਜਾਉਣ ਲਈ ਐਬੂਲੈਂਸ ਨਹੀਂ ਮਿਲੀ ਤਾਂ ਉਸ ਦਾ ਪਿਤਾ ਮੋਟਰਸਾਈਕਲ ਦੀ ਡਿੱਕੀ ਵਿਚ ਲਾਸ਼ ਲੈ ਕੇ ਮਦਦ ਲਈ ਅਧਿਕਾਰੀ ਕੋਲ ਪੁੱਜਿਆ। -PTC News