ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਚੰਡੀਗੜ੍ਹ 'ਚ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਲਾਜ਼ਮੀ
ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਖ਼ਤਰਾ ਮੁੜ ਵੱਧਣ ਲੱਗਾ ਹੈ। ਖਾਸ ਕਰ ਕੇ ਦਿੱਲੀ ਵਿੱਚ ਕੋਰੇਨਾ ਦੇ ਨਵੇਂ ਕੇਸਾਂ 'ਚ ਇਕਦਮ ਵਾਧਾ ਹੋ ਗਿਆ ਹੈ। ਜਿਸ ਪਿੱਛੋਂ ਹੋਰਾਂ ਸੂਬਿਆਂ ਨੇ ਵੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿਚਕਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪ੍ਰਸ਼ਾਸਨ ਨੇ ਲੋਕਾਂ ਨੂੰ ਕੋਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਅਤੇ ਜਾਗਰੂਕ ਹੋਣ ਲਈ ਵੀ ਕਿਹਾ ਹੈ। ਮੌਜੂਦਾ ਹਾਲਾਤ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਭੀੜ ਵਾਲੀਆਂ ਥਾਵਾਂ ਉਤੇ ਮਾਸਕ ਪਾਉਣ ਸਬੰਧੀ ਸਲਾਹ ਜਾਰੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਵਿਚ ਆਖਿਆ ਗਿਆ ਹੈ ਕਿ ਕੁਝ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਦੇ ਕੇਸਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਟੀ ਚੰਡੀਗੜ੍ਹ ਦੇ ਸਾਰੇ ਨਾਗਰਿਕਾਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਜਨਤਕ ਆਵਾਜਾਈ ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ ਅਤੇ ਟੈਕਸੀ ਆਦਿ ਵਿੱਚ ਪੂਰੀ ਯਾਤਰਾ ਦੌਰਾਨ, ਸਿਨੇਮਾ ਹਾਲਾਂ, ਸ਼ਾਪਿੰਗ ਮਾਲਾਂ ਅਤੇ ਡਿਪਾਰਟਮੈਂਟਲ ਸਟੋਰਾਂ ਆਦਿ ਦੇ ਅੰਦਰ ਰੁਕਣ ਸਮੇਂ ਅਤੇ ਕਲਾਸਰੂਮਾਂ, ਦਫਤਰ-ਕਮਰਿਆਂ, ਅੰਦਰੂਨੀ ਇਕੱਠਾਂ ਦੌਰਾਨ ਮਾਸਕ ਦੀ ਵਰਤੋਂ ਕੀਤੀ ਜਾਵੇ। ਪ੍ਰਸ਼ਾਸਨ ਨੇ ਲੋਕਾਂ ਨੂੰ ਕੋਰੋਨਾ ਸਬੰਧੀ ਚੌਕਸੀ ਵਰਤਣ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਮਾਸਕ ਦੀ ਛੋਟ ਦਿੱਤੀ ਸੀ। ਹੁਣ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ। ਦੇਸ਼ ਦੇ ਕਈ ਖੇਤਰਾਂ ਵਿਚ ਕੋਵਿਡ ਦੇ ਕੇਸਾਂ ਵਿੱਚ ਹੌਲੀ ਹੌਲੀ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਅੱਜ ਨਵੇਂ 2183 ਕੇਸ ਸਾਹਮਣੇ ਆਏ ਹਨ। ਇਥੇ ਪਿਛਲੇ 24 ਘੰਟਿਆਂ ਵਿੱਚ 214 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਇਹ ਵੀ ਪੜ੍ਹੋ : ਬੱਸ ਦੀ ਲਪੇਟ 'ਚ ਆਈਆਂ ਚਾਰ ਵਿਦਿਆਰਥਣਾਂ, ਇਕ ਦੀ ਮੌਤ, ਮੁੱਖ ਮੰਤਰੀ ਨੇ ਦੁੱਖ ਜ਼ਾਹਿਰ ਕੀਤਾ