ਜਲਥਲ ਹੋਈ ਗੁਰੂ ਨਗਰੀ, ਵਿਰਾਸਤੀ ਮਾਰਗ 'ਤੇ ਪਾਣੀ ਕਾਰਨ ਸੰਗਤ ਪਰੇਸ਼ਾਨ
ਅੰਮ੍ਰਿਤਸਰ : ਅੱਜ ਸਵੇਰੇ ਤੜਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਭਾਰੀ ਮੀਂਹ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਸਵੇਰੇ ਤੜਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਚੰਡੀਗੜ੍ਹ, ਮੋਹਾਲੀ ਤੇ ਅੰਮ੍ਰਿਤਸਰ ਵਿਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ। ਬੀਤੀ ਰਾਤ ਗੁਰੂ ਨਗਰੀ ਅੰਮ੍ਰਿਤਸਰ ਵਿਚ ਰੁਕ-ਰੁਕ ਕੇ ਪਏ ਮੀਂਹ ਕਾਰਨ ਸੜਕਾਂ ਉਤੇ ਪਾਣੀ ਭਰ ਗਿਆ। ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਰੋਜ਼ਾਨਾ ਹਜ਼ਾਰਾਂ ਹੀ ਸੰਗਤ ਆਉਂਦੀ ਹੈ। ਕਾਬਿਲੇਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਸਮੇਂ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਇਹ ਹੈਰੀਟੇਜ਼ ਮਾਰਗ ਅਰਬਾਂ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਸੀ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਗਨੀ ਖ਼ਾਨ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਅੱਜ ਇਸ ਵਿਰਾਸਤੀ ਹੈਰੀਟੇਜ ਮਾਰਗ ਦਾ ਇਹ ਹਾਲ ਬਣ ਗਿਆ ਹੈ ਕਿ ਇਸ ਨਾਲ ਮੌਜੂਦਾ ਸਰਕਾਰ ਦਾ ਬਿਲਕੁਲ ਧਿਆਨ ਹਟ ਗਿਆ ਹੈ, ਜਿਸ ਨਾਲ ਭਾਰਤ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀ-ਸੈਲਾਨੀ ਤੇ ਸੰਗਤ ਨੂੰ ਇਸ ਮਾਰਗ 'ਤੇ ਚੱਲਣ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਪੈ ਰਿਹਾ ਹੈ। ਮਾਰਗ ਦੀ ਸਾਫ਼-ਸਫ਼ਾਈ ਵਧੀਆ ਢੰਗ-ਤਰੀਕੇ ਨਾਲ ਨਾ ਹੋਣ ਕਾਰਨ ਇੱਥੇ ਥਾਂ-ਥਾਂ 'ਤੇ ਗੰਦਗੀ ਦੇ ਢੇਰ ਸਾਫ ਵਿਖਾਈ ਦਿੰਦੇ ਹਨ। ਇਸ ਵਿਰਾਸਤੀ ਮਾਰਗ 'ਤੇ ਇਸ ਤੋਂ ਪਹਿਲਾਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਆਪਣੇ ਅਕਾਲੀ ਲੀਡਰਸ਼ਿਪ ਨਾਲ ਕਈ ਵਾਰ ਇਸ ਮਾਰਗ ਤੋਂ ਗੰਦਗੀ ਦੇ ਢੇਰ ਆਪ ਚੁੱਕਦੇ ਵਿਖਾਈ ਦਿੰਦੇ ਰਹੇ ਹਨ, ਜੋ ਕਿ ਸਮੇਂ ਦੀਆਂ ਸਰਕਾਰਾਂ ਲਈ ਨਮੋਸ਼ੀ ਵਾਲੀ ਗੱਲ ਹੈ। ਉੱਥੇ ਹੀ ਇਸ ਮਾਰਗ 'ਤੇ ਹੁਣ ਸਾਮਾਨ ਵੇਚਣ ਵਾਲੇ ਰੇਹੜੀਆਂ ਫੜ੍ਹੀਆਂ 'ਤੇ ਈ-ਰਿਕਸ਼ਾ ਵਾਲਿਆਂ ਦਾ ਜ਼ੋਰ ਚੱਲ ਰਿਹਾ ਹੈ। ਬੀਤੇ ਇਕ ਦਿਨ ਤੋਂ ਹੋ ਰਹੀ ਭਾਰੀ ਵਰਖਾ ਕਾਰਨ ਇਸ ਰੋਡ 'ਤੇ ਪਾਣੀ ਦਾ ਨਿਕਾਸ ਵਧੀਆ ਢੰਗ ਤਰੀਕੇ ਨਾਲ ਨਾ ਹੋਣ ਕਾਰਨ ਇਸ ਵਿਰਾਸਤੀ ਮਾਰਗ 'ਤੇ ਤਿੰਨ ਤੋਂ ਚਾਰ-ਚਾਰ ਫੁੱਟ ਪਾਣੀ ਖੜ੍ਹਾ ਹੋਇਆ ਵਿਖਾਈ ਦੇ ਰਿਹਾ ਹੈ, ਜਿਸ ਨਾਲ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਤੇਜ਼ ਬਾਰਿਸ਼ ਨਾਲ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਮੁੱਖ ਸੜਕ ਉਤੇ ਪਾਣੀ ਭਰ ਗਿਆ। ਇਸ ਕਾਰਨ ਸੰਗਤ ਕਾਫੀ ਪਰੇਸ਼ਾਨ ਨਜ਼ਰ ਆਈ। -PTC News ਇਹ ਵੀ ਪੜ੍ਹੋ : ਜਨਹਿਤ ਪਟੀਸ਼ਨ ਦੀ ਅੱਧੀ ਰਾਤੀ ਹੋਈ ਸੁਣਵਾਈ; ਹਾਈਕੋਰਟ ਵੱਲੋਂ NH44 'ਤੇ ਆਵਾਜਾਈ ਯਕੀਨੀ ਬਣਾਓ ਦੇ ਹੁਕਮ ਜਾਰੀ